#AMERICA

ਅਮਰੀਕਾ ‘ਚ ਪਾਸਪੋਰਟ ਗੁਆਚਣ ‘ਤੇ ਭਾਰਤ ਪਰਤਣ ਲਈ ਨਵੀਂ ਸਹੂਲਤ

-ਪਾਸਪੋਰਟ ਮੁੜ ਜਾਰੀ ਕਰਵਾਉਣ ਜਾਂ ਭਾਰਤ ਪਰਤਣ ਲਈ ਐਮਰਜੈਂਸੀ ਸਰਟੀਫਿਕੇਟ ਲੈਣ ਦੀ ਪ੍ਰਕਿਰਿਆ ਬਾਰੇ ਕੌਂਸਲੇਟ ਨੇ ਦਿੱਤੀ ਜਾਣਕਾਰੀ
ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਪਾਸਪੋਰਟ ਗੁਆਉਣ ਵਾਲੇ ਭਾਰਤੀ ਨਾਗਰਿਕਾਂ ਦੀ ਸਹੂਲਤ ਲਈ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿਚ ਪਾਸਪੋਰਟ ਦੁਬਾਰਾ ਜਾਰੀ ਕਰਵਾਉਣ ਅਤੇ ਐਮਰਜੈਂਸੀ ਦਸਤਾਵੇਜ਼ਾਂ ਰਾਹੀਂ ਭਾਰਤ ਵਾਪਸ ਆਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਜਨਤਕ ਸਲਾਹ ਵਿਚ ਕੌਂਸਲੇਟ ਨੇ ਆਪਣੇ ਵਰਚੁਅਲ ਕੌਂਸਲਰ ਸਹਾਇਕ ‘ਭਾਰਤੀ’ ਰਾਹੀਂ ਇਹ ਪ੍ਰਕਿਰਿਆ ਸਮਝਾਈ ਅਤੇ ਪਾਸਪੋਰਟ ਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਕੌਂਸਲੇਟ ਅਨੁਸਾਰ, ਜੇਕਰ ਕਿਸੇ ਭਾਰਤੀ ਨਾਗਰਿਕ ਦਾ ਪਾਸਪੋਰਟ ਅਮਰੀਕਾ ਵਿਚ ਗੁਆਚ ਜਾਂਦਾ ਹੈ, ਤਾਂ ਉਸ ਨੂੰ ਸਭ ਤੋਂ ਪਹਿਲਾਂ ਸਥਾਨਕ ਪੁਲਿਸ ਕੋਲ ਘਟਨਾ ਦੀ ਰਿਪੋਰਟ ਦਰਜ ਕਰਵਾਉਣੀ ਚਾਹੀਦੀ ਹੈ ਅਤੇ ਪੁਲਿਸ ਰਿਪੋਰਟ ਦੀ ਇੱਕ ਕਾਪੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਲੋੜੀਂਦੇ ਦਸਤਾਵੇਜ਼ਾਂ ਸਮੇਤ ਵੀ.ਐੱਫ.ਐੱਸ. ਗਲੋਬਲ ਰਾਹੀਂ ਨਵਾਂ ਪਾਸਪੋਰਟ ਜਾਰੀ ਕਰਵਾਉਣ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
ਕੌਂਸਲੇਟ ਨੇ ਦੱਸਿਆ ਕਿ ਅਮਰੀਕਾ ਵਿਚ ਸੈਰ-ਸਪਾਟੇ ਲਈ ਆਏ ਭਾਰਤੀ ਨਾਗਰਿਕ ਜਾਂ ਉਹ ਲੋਕ, ਜਿਨ੍ਹਾਂ ਨੂੰ ਕਿਸੇ ਜ਼ਰੂਰੀ ਕਾਰਨ ਕਰਕੇ ਤੁਰੰਤ ਭਾਰਤ ਪਰਤਣਾ ਹੈ, ਐਮਰਜੈਂਸੀ ਸਰਟੀਫਿਕੇਟ ਲੈਣ ਲਈ ਸਿੱਧਾ ਕੌਂਸਲੇਟ ਨਾਲ ਸੰਪਰਕ ਕਰ ਸਕਦੇ ਹਨ। ਇਹ ਦਸਤਾਵੇਜ਼ ਭਾਰਤ ਵਾਪਸੀ ਲਈ ਇਕ ਪਾਸੇ ਦੀ ਯਾਤਰਾ ਵਾਸਤੇ ਵਰਤਿਆ ਜਾਂਦਾ ਹੈ। ਕੌਂਸਲੇਟ ਅਨੁਸਾਰ, ਇਹ ਸਰਟੀਫਿਕੇਟ ਵੀਕਐਂਡ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨਾਂ ਵਿਚ ਵੀ ਜਾਰੀ ਕੀਤਾ ਜਾ ਸਕਦਾ ਹੈ।
ਕੌਂਸਲੇਟ ਨੇ ਬਿਨੈਕਾਰਾਂ ਨੂੰ ਪ੍ਰਕਿਰਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਆਪਣੀ ਅਧਿਕਾਰਤ ਵੈੱਬਸਾਈਟ ਵੇਖਣ ਦੀ ਸਲਾਹ ਦਿੱਤੀ ਹੈ।
ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਆਪਣੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਅਤੇ ਐਮਰਜੈਂਸੀ ਕੌਂਸਲਰ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਅਮਰੀਕਾ ਵਿਚ ਭਾਰਤੀ ਕੌਂਸਲੇਟ ਵੱਲੋਂ ਪਾਸਪੋਰਟ ਨਾਲ ਸਬੰਧਤ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਵੀ.ਐੱਫ.ਐੱਸ. ਗਲੋਬਲ ਸਹੂਲਤ ਪ੍ਰਦਾਨ ਕਰਦਾ ਹੈ, ਜਦਕਿ ਐਮਰਜੈਂਸੀ ਸਰਟੀਫਿਕੇਟ ਖ਼ਾਸ ਹਾਲਾਤ ਵਿਚ ਯੋਗ ਵਿਅਕਤੀਆਂ ਨੂੰ ਭਾਰਤ ਵਾਪਸ ਜਾਣ ਦੀ ਸਹੂਲਤ ਦੇਣ ਲਈ ਜਾਰੀ ਕੀਤੇ ਜਾਂਦੇ ਹਨ।