#CANADA

ਜੱਸਾ ਸਿੰਘ ਰਾਮਗੜ੍ਹੀਆ ਬਾਰੇ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਪੁਸਤਕ ਦਾ ਲੋਕ ਅਰਪਣ ਸਮਾਰੋਹ

ਸਰੀ, 8 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕੀਤੀ ਗਈ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਪੁਸਤਕ ‘ਸ੍ਰ. ਜੱਸਾ ਸਿੰਘ ਰਾਮਗੜ੍ਹੀਆ’ ਨੂੰ ਲੋਕ ਅਰਪਣ ਕਰਨ ਲਈ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਵਿਖੇ ਸਮਾਗਮ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਉਜਾਗਰ ਸਿੰਘ ਨੇ ਦੱਸਿਆ ਹੇ ਕਿ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਦੀ ਪੰਜਾਬੀਆਂ ਨੂੰ ਕਦਰ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਪੰਜਾਬ ਵਿੱਚ ਸਿੱਖ ਰਾਜ ਸਥਾਪਤ ਕਰਨ ਦਾ ਮੁੱਢ ਬੰਨ੍ਹਿਆਂ ਸੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਖੋਜਾਰਥੀ ਵਿਦਿਆਰਥੀਆਂ ਲਈ ਸਹਾਇਕ ਸਾਬਤ ਹੋਵੇਗੀ ਅਤੇ ਖੋਜਾਰਥੀਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਨਾਮਵਰ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਕਿਹਾ ਕਿ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਨੇ ਇਹ ਪੁਸਤਕ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਮਿਸਲਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠਾ ਕਰਨ ਵਿਚ ਉਨ੍ਹਾਂ ਦਾ ਯੋਗਦਾਨ ਕਾਬਲੇ ਤਾਰੀਫ਼ ਰਿਹਾ ਹੈ। ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦੇ ਰਾਸ਼ਟਰੀ ਧਰੋਹਰ, ਪੰਜਾਬੀਅਤ ਦੇ ਮੁੱਦਈ ਅਤੇ ਪ੍ਰੇਰਨਾ ਸਰੋਤ ਹਨ। ਇਸ ਪੁਸਤਕ ਰਾਹੀਂ ਸਾਡੀ ਵਿਰਾਸਤ ਨੂੰ ਸਾਂਭਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਕੇਹਰ ਸਿੰਘ (ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ) ਨੇ ਕਿਹਾ ਕਿ ਸ਼ਾਹਮੁਖੀ ਲਿਪੀ ਵਿਚ ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ਨਾਲ ਸੰਸਾਰ ਵਿਚ ਵਸਦੇ ਸ਼ਾਹਮੁਖੀ ਦੇ ਪਾਠਕਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਯੋਗਦਾਨ ਬਾਰੇ ਵੱਡਮੁੱਲੀ ਜਾਣਕਾਰੀ ਮਿਲੇਗੀ ਅਤੇ ਉਹ ਉਨ੍ਹਾਂ ਦੇ ਜੀਵਨ ਤੋਂ ਖ਼ੁਦਮੁਖਤਾਰੀ ਅਤੇ ਸਵੈਮਾਣ ਨਾਲ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਧਾਰਮਿਕ ਵੰਡੀਆਂ ਨੇ ਜ਼ੁਬਾਨ ਨੂੰ ਨੁਕਸਾਨ ਪਹੁੰਚਾਇਆ ਹੈ।
ਡਾ.ਦਰਸ਼ਨ ਸਿੰਘ ਆਸ਼ਟ ਨੇ ਇਸ ਪੁਸਤਕ ਉੱਪਰ ਕੀ ਨੋਟ ਭਾਸ਼ਣ ਪੜ੍ਹਦਿਆਂ ਕਿਹਾ ਕਿ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸਿੱਖ ਵਿਰਾਸਤ ਦੀਆਂ ਪ੍ਰਮਾਣਿਤ ਪਰੰਪਰਾਵਾਂ ਅਤੇ ਸੰਘਰਸ਼ਮਈ ਇਤਿਹਾਸਿਕ ਘਾਲਣਾਵਾਂ ਨੂੰ ਇਤਿਹਾਸਿਕ ਪਰਿਪੇਖ ਤੋਂ ਲਿਖ ਕੇ ਬਿਹਤਰੀਨ ਕਾਰਜ ਕੀਤਾ ਹੈ, ਜਿਸ ‘ਤੇ ਸਿੱਖ ਜਗਤ ਨੂੰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਦਾ ਇਹ ਵਡਮੁੱਲਾ ਯੋਗਦਾਨ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਫ਼ਾਊਂਡਰ ਤੇ ਰੂਹੇ ਰਵਾਂ ਜੈਤੇਗ ਸਿੰਘ ਅਨੰਤ ਨੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਸ਼ਾਹਮੁਖੀ ਲਿਪੀ ਵਾਲੀ ਇਹ ਪੁਸਤਕ ਲਹਿੰਦੇ ਪੰਜਾਬ ਦੇ ਆਲਮੀ ਤੇ ਅਦਬੀ ਜਗਤ ਲਈ ਲਾਹੇਵੰਦ ਸਾਬਤ ਹੋਵੇਗੀ। ਲਹਿੰਦੇ ਪੰਜਾਬ ਦੇ 13 ਕਰੋੜ ਪੰਜਾਬੀ ਜੱਸਾ ਸਿੰਘ ਰਾਮਗੜ੍ਹੀਆ ਦੇ ਜਦੋਜਹਿਦ ਵਾਲੇ ਜੀਵਨ ਤੋਂ ਪ੍ਰੇਰਨਾ ਲੈ ਸਕਣਗੇ। ਅਵਤਾਰ ਸਿੰਘ ਤੇ ਉਜਾਗਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ‘ਤੇ ਡਾ.ਭੀਮਇੰਦਰ ਸਿੰਘ, ਡਾ.ਬਲਕਾਰ ਸਿੰਘ, ਡਾ.ਕੇਹਰ ਸਿੰਘ, ਡਾ.ਦਰਸ਼ਨ ਸਿੰਘ ਆਸ਼ਟ, ਇੰਜ.ਜੋਤਿੰਦਰ ਸਿੰਘ, ਦਲੀਪ ਸਿੰਘ ਉਪਲ, ਉਜਾਗਰ ਸਿੰਘ ਨੇ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ। ਡਾ. ਭੀਮਇੰਦਰ ਸਿੰਘ ਨੇ ਡਾ.ਬਲਕਾਰ ਸਿੰਘ, ਡਾ.ਕੇਹਰ ਸਿੰਘ, ਡਾ.ਦਰਸ਼ਨ ਸਿੰਘ ਆਸ਼ਟ, ਇੰਜ. ਜੋਤਿੰਦਰ ਸਿੰਘ, ਦਲੀਪ ਸਿੰਘ ਉਪਲ ਅਤੇ ਅਵਤਾਰ ਸਿੰਘ ਨੂੰ ਸਨਮਾਨਤ ਕੀਤਾ। ਇੰਜ ਜੋਤਿੰਦਰ ਸਿੰਘ (ਕੋਆਰਡੀਨੇਟਰ ਇੰਡੀਆ ਚੈਪਟਰ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ) ਨੇ ਡਾ. ਭੀਮਇੰਦਰ ਸਿੰਘ ਨੂੰ ਸਨਮਾਨਿਤ ਕੀਤਾ। ਸਮਾਗਮ ਵਿੱਚ ਪ੍ਰਿੰ. ਜਸਬੀਰ ਕੌਰ (ਗੁਰਮਤਿ ਕਾਲਜ ਪਟਿਆਲਾ), ਪ੍ਰੋ. ਮਲਕਿੰਦਰ ਕੌਰ, ਡਾ. ਪ੍ਰੋ.ਐਸ.ਐਸ.ਰੇਖੀ, ਹਰਜੀਤ ਸਿੰਘ ਆਰਟਿਸਟ, ਹਰਦੀਪ ਕੌਰ ਡਾਇਰੈਕਟਰ ਯੂਨੀਵਰਸਿਟੀ ਅਜਾਇਬ ਘਰ, ਕਰਨਲ ਐਮ.ਐਸ. ਬਰਨਾਲਾ ਜਨਰਲ ਸਕੱਤਰ ਸੀਨੀਅਰ ਸਿਟੀਜ਼ਨ, ਦਲੀਪ ਸਿੰਘ ਉੱਪਲ ਵੀ ਸ਼ਾਮਲ ਹੋਏ। ਅੰਤ ਵਿਚ ਇੰਜ. ਜੋਤਿੰਦਰ ਸਿੰਘ ਨੇ ਪ੍ਰਧਾਨਗੀ ਮੰਡਲ ਅਤੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਰੋਤਿਆਂ ਦਾ ਧੰਨਵਾਦ ਕੀਤਾ।