ਮੁੰਬਈ, 7 ਮਈ (ਪੰਜਾਬ ਮੇਲ)- ਇੱਕ ਪਾਸੇ ਦੇਸ਼ ਭਰ ਵਿਚ ਆਪ੍ਰੇਸ਼ਨ ਸਿੰਦੂਰ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਵਿਚ ਬੰਬ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਹਾਰ ਹਵਾਈ ਅੱਡੇ ਦੀ ਹੌਟਲਾਈਨ ‘ਤੇ ਇੱਕ ਧਮਕੀ ਭਰਿਆ ਕਾਲ ਆਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਉਡਾਣ ਵਿਚ ਬੰਬ ਰੱਖਿਆ ਗਿਆ ਹੈ।
ਇਸ ਤੋਂ ਬਾਅਦ ਉਡਾਣ ਨੂੰ ਦੇਰ ਰਾਤ ਮੁੰਬਈ ਹਵਾਈ ਅੱਡੇ ‘ਤੇ ਉਤਾਰਿਆ ਗਿਆ, ਹਾਲਾਂਕਿ ਹੁਣ ਤੱਕ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਮੁੰਬਈ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਲੱਗੀਆਂ ਹੋਈਆਂ ਹਨ।
ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਆਪ੍ਰੇਸ਼ਨ ਸਿੰਦੂਰ ਚਲਾਇਆ। ਇਸ ਕਾਰਵਾਈ ਵਿਚ ਤਿੰਨੋਂ ਫੌਜਾਂ ਨੇ ਹਿੱਸਾ ਲਿਆ। ਇਹ 2019 ਵਿਚ ਬਾਲਾਕੋਟ ਆਪ੍ਰੇਸ਼ਨ ਤੋਂ ਬਾਅਦ ਭਾਰਤ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਸਰਹੱਦ ਹਮਲਾ ਹੈ।
ਮੰਗਲਵਾਰ ਰਾਤ ਨੂੰ ਲਗਪਗ 1:44 ਵਜੇ, ਪਹਿਲਗਾਮ ਅੱਤਵਾਦੀ ਹਮਲੇ ਤੋਂ ਠੀਕ 15 ਦਿਨ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ.ਓ.ਕੇ.) ਵਿਚ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ, ਜਿਸ ਨਾਲ ਪਾਕਿਸਤਾਨ ਦਹਿਸ਼ਤ ਦੀ ਸਥਿਤੀ ਵਿਚ ਹੈ। ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ‘ਤੇ ਰਾਤ ਭਰ ਗੋਲੀਬਾਰੀ ਕੀਤੀ।
ਚੰਡੀਗੜ੍ਹ ਤੋਂ ਮੁੰਬਈ ਜਾ ਰਹੀ ਉਡਾਣ ‘ਚ ਮਿਲੀ ਬੰਬ ਦੀ ਧਮਕੀ
