#AUSTRALIA

ਚੈਟਜੀਪੀਟੀ ਦੀ ਮਦਦ ਨਾਲ ਕੇਸ ਲੜਨ ‘ਤੇ ਮਕਾਨ ਮਾਲਕ ਨੂੰ 2000 ਡਾਲਰ ਦਾ ਜੁਰਮਾਨਾ

-ਸੁਣਵਾਈ ਦੌਰਾਨ ਏ.ਆਈ. ਵੱਲੋਂ ਦਿੱਤੇ ਗ਼ਲਤ ਅਤੇ ਗ਼ੈਰ-ਮੌਜੂਦ ਕਾਨੂੰਨੀ ਹਵਾਲੇ ਹੋਏ ਬੇਨਕਾਬ
ਸਿਡਨੀ, 2 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਵਿਚ ਇੱਕ ਘਰ ਮਾਲਕ ਨੂੰ ਚੈਟਜੀਪੀਟੀ ਦੀ ਮਦਦ ਨਾਲ ਤਿਆਰ ਕੀਤੀ ਅਰਜ਼ੀ ਮਹਿੰਗੀ ਪੈ ਗਈ। ਮਾਮਲਾ ਏਅਰ ਕੰਡੀਸ਼ਨਰ ਦੀ ਨਿਕਾਸੀ ਪਾਈਪ ਨਾਲ ਜੁੜਿਆ ਸੀ। ਘਰ ਮਾਲਕ ਨੇ ਪਾਣੀ ਨਾਲ ਹੋਏ ਨੁਕਸਾਨ ਲਈ ਸਬੰਧਤ ਅਥਾਰਟੀ ਤੋਂ ਮੁਆਵਜ਼ਾ ਮੰਗਿਆ ਸੀ।
ਉਸ ਨੇ ਮੰਨਿਆ ਕਿ ਅਰਜ਼ੀ ਤਿਆਰ ਕਰਨ ਲਈ ਏ.ਆਈ. ਦੀ ਮਦਦ ਲਈ ਗਈ ਸੀ, ਪਰ ਸੁਣਵਾਈ ਦੌਰਾਨ ਅਰਜ਼ੀ ਵਿਚ ਦਿੱਤੇ ਕੁਝ ਕਾਨੂੰਨੀ ਹਵਾਲੇ ਗ਼ਲਤ ਨਿਕਲੇ। ਕੁਝ ਹਵਾਲੇ ਅਜਿਹੇ ਵੀ ਸਨ, ਜੋ ਮੌਜੂਦ ਹੀ ਨਹੀਂ ਸਨ ਜਾਂ ਮਾਮਲੇ ਨਾਲ ਸਬੰਧਤ ਨਹੀਂ ਸਨ। ਅਧਿਕਾਰੀ ਨੇ ਅਰਜ਼ੀ ਨੂੰ ਬੇਬੁਨਿਆਦ ਮੰਨਦਿਆਂ ਘਰ ਮਾਲਕ ਉੱਤੇ 2000 ਡਾਲਰ ਦੀ ਲਾਗਤ ਦਾ ਜੁਰਮਾਨਾ ਲਾ ਦਿੱਤਾ।
ਇਹ ਕਾਨੂੰਨ ਅਧੀਨ ਲਗਾਈ ਜਾ ਸਕਣ ਵਾਲੀ ਵੱਧ ਤੋਂ ਵੱਧ ਰਕਮ ਦਾ ਜੁਰਮਾਨਾ ਸੀ। ਇਸ ਮਾਮਲੇ ਨੇ ਏ.ਆਈ. ਦੀ ਵਰਤੋਂ ਬਾਰੇ ਇੱਕ ਅਹਿਮ ਸਬਕ ਵੀ ਦਿੱਤਾ ਹੈ। ਇਸ ਫ਼ੈਸਲੇ ਨੇ ਕਾਨੂੰਨੀ ਮਾਮਲਿਆਂ ਵਿਚ ਚੈਟਜੀਪੀਟੀ ਵੱਲੋਂ ਦਿੱਤੇ ਹਵਾਲਿਆਂ ਅਤੇ ਤੱਥਾਂ ਦੀ ਖ਼ੁਦ ਜਾਂਚ ਕਰਨੀ ਬੇਹੱਦ ਜ਼ਰੂਰੀ ਦੱਸਿਆ ਹੈ।