ਰੈਸਕਿਊ ਓਪਰੇਸ਼ਨ ਜਾਰੀ
ਬੀਜਿੰਗ, 25 ਮਈ (ਪੰਜਾਬ ਮੇਲ)- ਚੀਨ ਦੇ ਉੱਤਰੀ ਸੂਬੇ ਸ਼ਾਂਕਸੀ ‘ਚ ਇਕ ਕੋਲਾ ਖਾਣ ਵਿੱਚ ਹੋਏ ਭਿਆਨਕ ਗੈਸ ਧਮਾਕੇ ਤੋਂ ਬਾਅਦ ਮੌਤਾਂ ਦੀ ਗਿਣਤੀ ਵੱਧ ਕੇ 90 ਤੱਕ ਪੁੱਜ ਗਈ ਹੈ। ਇਹ ਹਾਦਸਾ ਪਿਛਲੇ ਕਈ ਸਾਲਾਂ ਵਿਚ ਚੀਨ ਦਾ ਸਭ ਤੋਂ ਵੱਡਾ ਮਾਈਨਿੰਗ ਹਾਦਸਾ ਮੰਨਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਇਹ ਧਮਾਕਾ ਚਾਂਗਜ਼ੀ ਸ਼ਹਿਰ ਦੇ ਕੋਲ ਮਾਈਨ ‘ਚ ਹੋਇਆ। ਉਸ ਸਮੇਂ ਖਾਣ ਦੇ ਅੰਦਰ 247 ਮਜ਼ਦੂਰ ਕੰਮ ਕਰ ਰਹੇ ਸਨ। ਧਮਾਕੇ ਤੋਂ ਬਾਅਦ ਕਈ ਮਜ਼ਦੂਰ ਜ਼ਮੀਨ ਹੇਠਾਂ ਫਸ ਗਏ, ਜਦਕਿ ਸੈਂਕੜੇ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ।
ਚੀਨੀ ਸਰਕਾਰੀ ਮੀਡੀਆ ਮੁਤਾਬਕ ਧਮਾਕੇ ਦਾ ਮੁੱਖ ਕਾਰਨ ਜ਼ਹਿਰੀਲੀ ਗੈਸ ਅਤੇ ਕਾਰਬਨ ਮੋਨੋਆਕਸਾਈਡ ਦੀ ਵੱਧ ਮਾਤਰਾ ਮੰਨੀ ਜਾ ਰਹੀ ਹੈ। ਕਈ ਮਜ਼ਦੂਰਾਂ ਨੂੰ ਜ਼ਹਿਰੀਲੀ ਗੈਸ ਸਾਹ ਰਾਹੀਂ ਅੰਦਰ ਜਾਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤੁਰੰਤ ”ਪੂਰੀ ਤਰ੍ਹਾਂ ਬਚਾਅ ਕਾਰਜ” ਦੇ ਹੁਕਮ ਦਿੱਤੇ ਹਨ ਅਤੇ ਦੇਸ਼ ਭਰ ਵਿਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਹੈ। ਚੀਨੀ ਸਰਕਾਰ ਨੇ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਦਾ ਐਲਾਨ ਵੀ ਕਰ ਦਿੱਤਾ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਾਈਨ ਕੰਪਨੀ ਵੱਲੋਂ ”ਗੰਭੀਰ ਸੁਰੱਖਿਆ ਉਲੰਘਣਾਵਾਂ” ਕੀਤੀਆਂ ਗਈਆਂ ਸਨ। ਕੁਝ ਮਾਈਨ ਅਧਿਕਾਰੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।
ਰੈਸਕਿਊ ਟੀਮਾਂ ਲਈ ਸਭ ਤੋਂ ਵੱਡੀ ਚੁਣੌਤੀ ਖਾਣ ਦੇ ਅੰਦਰ ਜ਼ਹਿਰੀਲੀ ਗੈਸ, ਧੂੰਆਂ ਅਤੇ ਟੁੱਟੇ ਹੋਏ ਰਸਤੇ ਹਨ। ਸੈਂਕੜੇ ਐਮਰਜੈਂਸੀ ਕਰਮਚਾਰੀ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਤਾਇਨਾਤ ਹਨ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਚੀਨ ਵਿਚ ਪਹਿਲਾਂ ਵੀ ਕੋਲਾ ਖਾਣਾਂ ਵਿਚ ਵੱਡੇ ਹਾਦਸੇ ਹੁੰਦੇ ਰਹੇ ਹਨ, ਪਰ ਇਸ ਤਾਜ਼ਾ ਧਮਾਕੇ ਨੇ ਇਕ ਵਾਰ ਫਿਰ ਮਾਈਨਿੰਗ ਸੁਰੱਖਿਆ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਚੀਨ ਦੀ ਕੋਲਾ ਖਾਣ ‘ਚ ਭਿਆਨਕ ਧਮਾਕਾ; ਮੌਤਾਂ ਦੀ ਗਿਣਤੀ 90 ਤੱਕ ਪੁੱਜੀ

