#OTHERS

ਗੁਰੂਗ੍ਰਾਮ-ਨੂਹ ਹਿੰਸਾ: ਪ੍ਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਲਈ ਅਧਿਕਾਰੀਆਂ ਵੱਲੋਂ ਸੁਰੱਖਿਆ ਦਾ ਭਰੋਸਾ

ਡੀ.ਸੀ. ਵੱਲੋਂ ਝੁੱਗੀਆਂ-ਝੋਪੜੀਆਂ ‘ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ‘ਤੇ ਜਾਣ ਦੀ ਅਪੀਲ
ਗੁਰੂਗ੍ਰਾਮ, 5 ਅਗਸਤ (ਪੰਜਾਬ ਮੇਲ)- ਸ਼ਹਿਰ ਤੋਂ ਪ੍ਰਵਾਸੀ ਕਾਮਿਆਂ ਦੀ ਹਿਜਰਤ ਰੋਕਣ ਦੀ ਕੋਸ਼ਿਸ਼ ਤਹਿਤ ਅੱਜ ਜ਼ਿਲ੍ਹਾ ਅਧਿਕਾਰੀਆਂ ਨੇ ਕੁਝ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ ਅਤੇ ਮਜ਼ਦੂਰਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ‘ਤੇ ਜਾਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਹਫ਼ਤੇ ਦੇ ਸ਼ੁਰੂ ਵਿਚ ਨੂਹ ਤੇ ਗੁਰੂਗ੍ਰਾਮ ਵਿਚ ਹੋਈ ਹਿੰਸਾ ਦੇ ਮੱਦੇਨਜ਼ਰ ਇੱਥੇ ਕੰਮ ਲਈ ਆਏ ਪ੍ਰਵਾਸੀ ਕਾਮਿਆਂ ਨੇ ਆਪੋ-ਆਪਣੇ ਜੱਦੀ ਘਰਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ।
ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਇੱਥੇ ਸੈਕਟਰ 58 ਤੇ 70 ਨੇੜਲੀਆਂ ਝੁੱਗੀਆਂ-ਝੋਪੜੀਆਂ ਦਾ ਦੌਰਾ ਕੀਤਾ। ਯਾਦਵ ਨੇ ਝੁੱਗੀਆਂ-ਝੋਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਆਪੋ-ਆਪਣੇ ਰੋਜ਼ਾਨਾ ਦੇ ਕੰਮਾਂ ‘ਤੇ ਜਾਣ ਦੀ ਅਪੀਲ ਕੀਤੀ ਅਤੇ ਸੁਰੱਖਿਆ ਦਾ ਭਰੋਸਾ ਦਿਵਾਇਆ। ਪ੍ਰਵਾਸੀ ਕਾਮਿਆਂ ਨਾਲ ਗੱਲਬਾਤ ਦੌਰਾਨ ਡੀ.ਸੀ. ਨੇ ਕਿਹਾ ਜੇਕਰ ਉਨ੍ਹਾਂ ਨੂੰ ਕੋਈ ਵੀ ਇਹ ਜਗ੍ਹਾ ਛੱਡਣ ਲਈ ਧਮਕਾਉਂਦਾ ਹੈ, ਤਾਂ ਉਹ ਤੁਰੰਤ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਨੇੜਲੇ ਪੁਲਿਸ ਥਾਣੇ ਨੂੰ ਸੂਚਿਤ ਕਰਨ ਤਾਂ ਜੋ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

Leave a comment