-ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਕੇ ਭਾਰਤ ਨੂੰ ਹਮਲੇ ਤੋਂ ਸਬਕ ਲੈਣ ਲਈ ਕਿਹਾ
ਨਵੀਂ ਦਿੱਲੀ, 11 ਅਕਤੂਬਰ (ਪੰਜਾਬ ਮੇਲ)- ਖਾਲਿਸਤਾਨੀ ਪੱਖੀ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਫਿਰ ਤੋਂ ਧਮਕੀ ਦਿੱਤੀ ਹੈ। ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਉਹ ਭਾਰਤ ‘ਤੇ ਉਸੇ ਤਰ੍ਹਾਂ ਹਮਲਾ ਕਰੇਗਾ, ਜਿਵੇਂ ਹਮਾਸ ਨੇ ਇਜ਼ਰਾਈਲ ‘ਤੇ ਕੀਤਾ ਹੈ। ਭਾਰਤ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਨੂ ਨੇ ਇਜ਼ਰਾਈਲ ‘ਚ ਹਮਾਸ ਦੇ ਹਮਲੇ ਤੋਂ ਸਬਕ ਲੈਣ ਲਈ ਕਿਹਾ। ਖਾਲਿਸਤਾਨ ਪੱਖੀ ਪੰਨੂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਕੇ ਇਹ ਧਮਕੀ ਦਿੱਤੀ ਹੈ। ਇਹ 40 ਸਕਿੰਟ ਦੀ ਵੀਡੀਓ ਹੈ, ਜਿਸ ‘ਚ ਪੰਨੂ ਭਾਰਤ ਦੇ ਖਿਲਾਫ ਜ਼ਹਿਰ ਉਗਲਦਾ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਇਸ ਨੂੰ ਆਜ਼ਾਦ ਕਰਵਾ ਕੇ ਰਹਾਂਗੇ।
ਪੰਨੂ ਨੇ ਕਿਹਾ ਕਿ ਅੱਜ ਇਜ਼ਰਾਈਲ ‘ਤੇ ਫਲਸਤੀਨ ਦਾ ਹਮਲਾ ਹੋ ਰਿਹਾ ਹੈ। ਪੀ.ਐੱਮ. ਮੋਦੀ ਨੂੰ ਇਸ ਹਮਲੇ ਤੋਂ ਸਬਕ ਲੈਣ ਦੀ ਲੋੜ ਹੈ। ਉਸ ਨੇ ਕਿਹਾ ਕਿ ਇਜ਼ਰਾਈਲ ਦੀ ਤਰਜ਼ ‘ਤੇ ਭਾਰਤ ਨੇ ਪੰਜਾਬ ‘ਤੇ ਕੰਟਰੋਲ ਹਾਸਲ ਕਰ ਲਿਆ ਹੈ। ਜੇਕਰ ਭਾਰਤ ਹਿੰਸਾ ਕਰੇਗਾ, ਤਾਂ ਅਸੀਂ ਵੀ ਹਿੰਸਾ ਸ਼ੁਰੂ ਕਰ ਦੇਵਾਂਗੇ। ਪੰਨੂ ਇਸ ਵੀਡੀਓ ‘ਚ ਕਹਿੰਦਾ ਹੈ ਕਿ ਜੇਕਰ ਭਾਰਤ ਨੇ ਪੰਜਾਬ ‘ਤੇ ਕਬਜ਼ਾ ਜਾਰੀ ਰੱਖਿਆ, ਤਾਂ ਯਕੀਨੀ ਤੌਰ ‘ਤੇ ਪ੍ਰਤੀਕਿਰਿਆ ਹੋਵੇਗੀ। ਇਸ ਦੇ ਲਈ ਸੀ.ਐੱਮ. ਮਾਨ ਅਤੇ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ। ਉਸ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਵੋਟਿੰਗ ‘ਚ ਵਿਸ਼ਵਾਸ ਰੱਖਦੀ ਹੈ। ਤੁਸੀਂ ਵੀ ਵੋਟ ‘ਤੇ ਭਰੋਸਾ ਰੱਖੋ। ਪੰਜਾਬ ਦਾ ਵੱਖ ਹੋਣ ਦਾ ਦਿਨ ਨੇੜੇ ਆ ਗਿਆ ਹੈ। ਵੋਟਿੰਗ ਚਾਹੁੰਦੇ ਹੋ ਜਾਂ ਤੁਹਾਨੂੰ ਗੋਲੀ ਚਾਹੀਦੀ ਹੈ?
ਖਾਲਿਸਤਾਨ ਪੱਖੀ ਪੰਨੂ ਨੇ ਕਿਹਾ ਕਿ ਜੇਕਰ ਪੰਜਾਬ ‘ਚ ਰਹਿਣ ਵਾਲੇ ਲੋਕ ਫਲਸਤੀਨ ਵਾਂਗ ਹਿੰਸਾ ਸ਼ੁਰੂ ਕਰ ਦੇਣ ਤਾਂ ਹਾਲਾਤ ਵਿਨਾਸ਼ਕਾਰੀ ਹੋ ਜਾਣਗੇ। ਉਸ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਆਜ਼ਾਦ ਕਰ ਦੇਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ ਨੂੰ ਵੀ ਇਜ਼ਰਾਈਲ ਵਰਗਾ ਭਿਆਨਕ ਮੰਜ਼ਰ ਵੇਖਣਾ ਪਵੇਗਾ।