#AMERICA

ਗਰੀਨ ਕਾਰਡ ਲਈ ਨਵੇਂ ਨਿਯਮਾਂ ਤਹਿਤ ਭਾਰਤੀ ਪੇਸ਼ੇਵਰਾਂ ਨੂੰ ਛੋਟ ਮਿਲਣ ਦੀ ਸੰਭਾਵਨਾ

-ਵੱਡੀ ਗਿਣਤੀ ਭਾਰਤੀ ਗਰੀਨ ਕਾਰਡ ਲੈਣ ਦੀ ਕਰ ਰਹੇ ਹਨ ਉਡੀਕ
ਨਵੀਂ ਦਿੱਲੀ, 25 ਮਈ (ਪੰਜਾਬ ਮੇਲ)- ਗਰੀਨ ਕਾਰਡਾਂ ਲਈ ਆਪਣੇ ਜੱਦੀ ਦੇਸ਼ਾਂ ਤੋਂ ਅਪਲਾਈ ਕਰਨ ਸਬੰਧੀ ਨਵਾਂ ਨਿਯਮ ਐਲਾਨੇ ਜਾਣ ਤੋਂ ਮਗਰੋਂ ਅਮਰੀਕਾ ਨੇ ਕਿਹਾ ਹੈ ਕਿ ਕੁਝ ਗਰੀਨ ਕਾਰਡ ਅਰਜ਼ੀਕਾਰਾਂ ਨੂੰ ਨਵੇਂ ਨਿਯਮਾਂ ਤਹਿਤ ਛੋਟ ਮਿਲੇਗੀ। ਇਸ ਵੇਲੇ ਵੱਡੀ ਗਿਣਤੀ ਭਾਰਤ ਵਾਸੀ ਤੇ ਹੋਰ ਗਰੀਨ ਕਾਰਡ ਲੈਣ ਲਈ ਕਤਾਰਾਂ ਵਿਚ ਹਨ।
ਅਮਰੀਕਾ ਵੱਲੋਂ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਛੱਡ ਕੇ ਆਪਣੇ ਜੱਦੀ ਦੇਸ਼ ਤੋਂ ਗਰੀਨ ਕਾਰਡ ਲਈ ਅਪਲਾਈ ਕਰਨ ਦੇ ਨਵੇਂ ਨਿਯਮ ਦੇ ਐਲਾਨ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਇੱਕ ਅਹਿਮ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਅਮਰੀਕੀ ਪ੍ਰਸ਼ਾਸਨ ਦੇ ਇਸ ਨਵੇਂ ਕਦਮ ਨਾਲ ਗਰੀਨ ਕਾਰਡ ਦੀ ਕਤਾਰ ਵਿਚ ਲੱਗੇ ਅਤੇ ਉੱਥੇ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨਿਯਮਾਂ ਤਹਿਤ ਗਰੀਨ ਕਾਰਡ ਲਈ ਅਪਲਾਈ ਕਰਨ ਵਾਲੇ ਕੁਝ ਖ਼ਾਸ ਬਿਨੈਕਾਰਾਂ ਨੂੰ ਇਸ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਅਤੇ ਗਰੀਨ ਕਾਰਡਾਂ ਦੇ ਸਬੰਧ ਵਿਚ ਕੀਤੇ ਗਏ ਨਵੇਂ ਨਿਯਮਾਂ ਦੇ ਐਲਾਨ ਤੋਂ ਬਾਅਦ ਹੁਣ ਹੋਰ ਸਪੱਸ਼ਟ ਕੀਤਾ ਗਿਆ ਹੈ। ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੇ ਬੁਲਾਰੇ ਜ਼ੈਕ ਕਹਿਲਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਅਮਰੀਕਾ ਨੂੰ ਆਰਥਿਕ ਲਾਭ ਪਹੁੰਚਾਉਂਦੀਆਂ ਹਨ ਜਾਂ ਰਾਸ਼ਟਰੀ ਹਿੱਤ ਵਿਚ ਹਨ, ਉਨ੍ਹਾਂ ਨੂੰ ਗਰੀਨ ਕਾਰਡ ਪ੍ਰਕਿਰਿਆ ਵਿਚ ਕੀਤੀਆਂ ਜਾ ਰਹੀਆਂ ਇਨ੍ਹਾਂ ਤਬਦੀਲੀਆਂ ਤੋਂ ਛੋਟ ਮਿਲਣ ਦੀ ਪੂਰੀ ਸੰਭਾਵਨਾ ਹੈ। ਬੁਲਾਰੇ ਮੁਤਾਬਕ ਅਜਿਹੇ ਯੋਗ ਲੋਕ ਪਹਿਲਾਂ ਵਾਂਗ ਅਮਰੀਕਾ ਵਿਚ ਰਹਿ ਕੇ ਹੀ ਆਪਣੀ ਪ੍ਰਕਿਰਿਆ ਜਾਰੀ ਰੱਖ ਸਕਣਗੇ, ਜਦੋਂਕਿ ਬਾਕੀ ਲੋਕਾਂ ਨੂੰ ਉਨ੍ਹਾਂ ਦੇ ਹਾਲਾਤ ਦੇ ਹਿਸਾਬ ਨਾਲ ਆਪਣੇ ਦੇਸ਼ ਵਾਪਸ ਜਾ ਕੇ ਅਪਲਾਈ ਕਰਨ ਲਈ ਕਿਹਾ ਜਾ ਸਕਦਾ ਹੈ।
ਇਹ ਸਪੱਸ਼ਟੀਕਰਨ ਟਰੰਪ ਪ੍ਰਸ਼ਾਸਨ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਦੀ ਪੱਕੀ ਰਿਹਾਇਸ਼ (ਗਰੀਨ ਕਾਰਡ) ਦੇ ਚਾਹਵਾਨ ਪ੍ਰਵਾਸੀਆਂ ਨੂੰ ਆਪਣੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ ਲਈ ਆਪਣੇ ਦੇਸ਼ ਪਰਤਣਾ ਪਵੇਗਾ। ਗਰੀਨ ਕਾਰਡ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿਚ ਪੱਕੇ ਤੌਰ ‘ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਯੂ.ਐੱਸ.ਸੀ.ਆਈ.ਐੱਸ. ਦੇ ਇਸ ਨਵੇਂ ਬਿਆਨ ਨੇ ਖਾਸ ਕਰਕੇ ਐੱਚ-1ਬੀ ਵੀਜ਼ਾ ‘ਤੇ ਕੰਮ ਕਰ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਲੰਬੇ ਸਮੇਂ ਦੇ ਰੁਜ਼ਗਾਰ ਦੇ ਆਧਾਰ ‘ਤੇ ਗਰੀਨ ਕਾਰਡ ਲੈਣ ਲਈ ਭਾਰਤੀਆਂ ਨੂੰ ਪਹਿਲਾਂ ਹੀ 10 ਤੋਂ 15 ਸਾਲ ਤੱਕ ਦਾ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ।