ਸੈਕਰਾਮੈਂਟੋ, 25 ਮਈ (ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ਦੇ ਔਰੇਂਜ ਕਾਊਂਟੀ ਇਲਾਕੇ ਵਿਚ ਇਕ ਵੱਡੇ ਕੈਮਿਕਲ ਟੈਂਕ ਦੇ ਓਵਰਹੀਟ ਹੋਣ ਕਾਰਨ ਐਮਰਜੈਂਸੀ ਜਿਹੇ ਹਾਲਾਤ ਬਣ ਗਏ ਹਨ। ਅਧਿਕਾਰੀਆਂ ਨੇ ਖਤਰੇ ਨੂੰ ਦੇਖਦੇ ਹੋਏ ਕਰੀਬ 40 ਤੋਂ 50 ਹਜ਼ਾਰ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਘਟਨਾ ਕੈਲੀਫੋਰਨੀਆ ਦੇ ਗਾਰਡਨ ਗ੍ਰੋਵ ਸ਼ਹਿਰ ਵਿਚ ਸਥਿਤ ਜੀ.ਕੇ.ਐੱਨ. ਏਅਰੋਸਪੇਸ ਫੈਸਿਲਟੀ ਵਿਚ ਵਾਪਰੀ, ਜਿੱਥੇ ਮੈਥਿਲ ਮੈਥਾਕ੍ਰਾਇਲੇਟ ਨਾਮਕ ਬਹੁਤ ਜ਼ਿਆਦਾ ਜਲਣਸ਼ੀਲ ਅਤੇ ਖਤਰਨਾਕ ਕੈਮਿਕਲ ਨਾਲ ਭਰਿਆ ਟੈਂਕ ਬੇਕਾਬੂ ਤਰੀਕੇ ਨਾਲ ਗਰਮ ਹੋਣਾ ਸ਼ੁਰੂ ਹੋ ਗਿਆ। ਇਹ ਕੈਮਿਕਲ ਪਲਾਸਟਿਕ, ਰੇਜ਼ਿਨ ਅਤੇ ਹਵਾਈ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਵਿਚ ਵਰਤਿਆ ਜਾਂਦਾ ਹੈ।
ਔਰੇਂਜ ਕਾਊਂਟੀ ਫਾਇਰ ਅਥਾਰਟੀ ਦੇ ਅਧਿਕਾਰੀਆਂ ਮੁਤਾਬਕ ਟੈਂਕ ਵਿਚ 6 ਤੋਂ 7 ਹਜ਼ਾਰ ਗੈਲਨ ਤੱਕ ਖਤਰਨਾਕ ਕੈਮਿਕਲ ਮੌਜੂਦ ਹੈ ਅਤੇ ਹੁਣ ਸਿਰਫ਼ ਦੋ ਸੰਭਾਵਨਾਵਾਂ ਬਚੀਆਂ ਹਨ, ਜਾਂ ਤਾਂ ਟੈਂਕ ਫਟੇਗਾ ਜਾਂ ਫਿਰ ਲੀਕ ਹੋ ਕੇ ਜ਼ਹਿਰੀਲਾ ਕੈਮਿਕਲ ਬਾਹਰ ਨਿਕਲੇਗਾ। ਅਧਿਕਾਰੀਆਂ ਨੇ ਕਿਹਾ ਕਿ ਜੇ ਧਮਾਕਾ ਹੋਇਆ, ਤਾਂ ਨੇੜਲੇ ਹੋਰ ਟੈਂਕ ਵੀ ਚਪੇਟ ਵਿਚ ਆ ਸਕਦੇ ਹਨ, ਜਿਸ ਨਾਲ ਵੱਡੀ ਤਬਾਹੀ ਹੋ ਸਕਦੀ ਹੈ।
ਫਾਇਰ ਫਾਈਟਰਾਂ ਵੱਲੋਂ ਟੈਂਕ ਨੂੰ ਲਗਾਤਾਰ ਪਾਣੀ ਨਾਲ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਰਿਪੋਰਟਾਂ ਅਨੁਸਾਰ ਟੈਂਕ ਦਾ ਅੰਦਰੂਨੀ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਡਰੋਨ ਰਾਹੀਂ ਕੀਤੀ ਗਈ ਜਾਂਚ ਵਿਚ ਪਤਾ ਲੱਗਾ ਕਿ ਟੈਂਕ ਦਾ ਤਾਪਮਾਨ 90 ਡਿਗਰੀ ਫਾਰਨਹਾਈਟ ਤੱਕ ਪਹੁੰਚ ਗਿਆ ਸੀ ਅਤੇ ਹਰ ਘੰਟੇ ਕਰੀਬ ਇਕ ਡਿਗਰੀ ਵੱਧ ਰਿਹਾ ਹੈ।
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹਾਲਾਤਾਂ ਨੂੰ ਦੇਖਦੇ ਹੋਏ ਔਰੇਂਜ ਕਾਊਂਟੀ ਵਿਚ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵੱਲੋਂ ਰਾਹਤ ਕੈਂਪ ਅਤੇ ਅਸਥਾਈ ਸ਼ੈਲਟਰ ਖੋਲ੍ਹੇ ਗਏ ਹਨ, ਤਾਂ ਜੋ ਘਰ ਛੱਡਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ ਮਿਲ ਸਕੇ।
ਸਿਹਤ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਕੈਮਿਕਲ ਹਵਾ ਵਿਚ ਫੈਲਦਾ ਹੈ, ਤਾਂ ਇਸ ਨਾਲ ਸਾਹ ਲੈਣ ‘ਚ ਦਿੱਕਤ, ਅੱਖਾਂ ਵਿਚ ਜਲਣ, ਸਿਰਦਰਦ, ਉਲਟੀਆਂ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਵੇਲੇ ਗਾਰਡਨ ਗ੍ਰੋਵ, ਐਨਾਹਾਈਮ, ਵੈਸਟਮਿੰਸਟਰ, ਸਟੈਂਟਨ, ਬੂਏਨਾ ਪਾਰਕ ਅਤੇ ਸਾਇਪਰਸ ਸਮੇਤ ਕਈ ਇਲਾਕਿਆਂ ਵਿਚ ਐਵੈਕੂਏਸ਼ਨ ਆਰਡਰ ਲਾਗੂ ਹਨ। ਅਧਿਕਾਰੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਹੁਕਮਾਂ ਦੀ ਪਾਲਣਾ ਕਰਨ ਅਤੇ ਖਤਰੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ।
ਕੈਲੀਫੋਰਨੀਆ ‘ਚ ਕੈਮਿਕਲ ਟੈਂਕ ਦੇ ਧਮਾਕੇ ਦਾ ਖਤਰਾ; 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ

