#PUNJAB

ਕੈਫੇ ‘ਚ ਫਾਇਰਿੰਗ ਮਾਮਲਾ: ਸਾਬਕਾ ਏ.ਡੀ.ਜੀ.ਪੀ. ਪਰਮਰਾਜ ਉਮਰਾਨੰਗਲ ਦੇ ਪੁੱਤਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ
ਚੰਡੀਗੜ੍ਹ, 24 ਅਕਤੂਬਰ (ਪੰਜਾਬ ਮੇਲ)- ਚੰਡੀਗੜ੍ਹ ਦੇ ਸੈਕਟਰ-10 ਸਥਿਤ ਵਿਲੋ ਕੈਫੇ ਵਿਚ ਫਾਇਰਿੰਗ ਮਾਮਲੇ ‘ਚ ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਸਾਬਕਾ ਏ.ਡੀ.ਜੀ.ਪੀ. ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਅੰਗਦ ਸੁਖਰਾਜ ਸਿੰਘ ਧਾਲੀਵਾਲ ਵਿਰੁੱਧ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਘਟਨਾ 16 ਫਰਵਰੀ 2025 ਨੂੰ ਵਾਪਰੀ ਸੀ, ਜਦੋਂ ਕੈਫੇ ਦੀ ਛੱਤ ‘ਤੇ ਕਥਿਤ ਤੌਰ ‘ਤੇ ਹਵਾਈ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।
ਪੁਲਿਸ ਦੀ ਜਾਂਚ ਦੌਰਾਨ ਕੈਫੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਫਰੋਲੀ ਗਈ। ਜਾਂਚ ਪੂਰੀ ਹੋਣ ਮਗਰੋਂ ਪੁਲਿਸ ਨੇ ਅਦਾਲਤ ਵਿਚ ਚਾਰਜਸ਼ੀਟ ਪੇਸ਼ ਕੀਤੀ ਹੈ। ਉਸ ਵਿਰੁੱਧ ਭਾਰਤੀ ਨਿਆਏ ਸੰਹਿਤਾ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।
ਜਾਂਚ ਵਿਚ ਸਾਹਮਣੇ ਆਇਆ ਸੀ ਕਿ ਫਾਇਰਿੰਗ ਲਈ ਕਥਿਤ ਤੌਰ ‘ਤੇ ਵਰਤਿਆ ਗਿਆ ਪਿਸਤੌਲ ਪੰਜਾਬ ਪੁਲਿਸ ਦੇ ਉਸ ਮੁਲਾਜ਼ਮ ਦਾ ਸਰਕਾਰੀ ਹਥਿਆਰ ਸੀ, ਜੋ ਪਰਮਰਾਜ ਸਿੰਘ ਉਮਰਾਨੰਗਲ ਦੀ ਸੁਰੱਖਿਆ ਵਿਚ ਤਾਇਨਾਤ ਸੀ। ਪੁਲਿਸ ਨੇ ਸਬੰਧਤ ਮੁਲਾਜ਼ਮ ਕੋਲੋਂ ਇਹ ਹਥਿਆਰ ਬਰਾਮਦ ਕਰ ਲਿਆ ਸੀ। ਜਾਂਚ ਦੌਰਾਨ ਇਸ ਮਾਮਲੇ ਵਿਚ ਪੁਲਿਸ ਮੁਲਾਜ਼ਮ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਗਈ।
ਚਾਰਜਸ਼ੀਟ ਵਿਚ ਪੁਲਿਸ ਨੇ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਅਤੇ ਹੋਰ ਤੱਥਾਂ ਨੂੰ ਸ਼ਾਮਲ ਕੀਤਾ ਹੈ।
ਘਟਨਾ ਤੋਂ ਬਾਅਦ ਅੰਗਦ ਧਾਲੀਵਾਲ ਦੇ ਵਿਦੇਸ਼ ਚਲੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਨੇ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਉਹ ਕਰੀਬ ਪੰਜ ਮਹੀਨਿਆਂ ਬਾਅਦ ਜਾਂਚ ਵਿਚ ਸ਼ਾਮਲ ਹੋਇਆ। ਅੰਗਦ ਧਾਲੀਵਾਲ ਨੂੰ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ।
ਹੁਣ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਮਾਮਲੇ ਵਿਚ ਅਦਾਲਤੀ ਕਾਰਵਾਈ ਅੱਗੇ ਵਧੇਗੀ। 30 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਅਗਲੇ ਕਾਨੂੰਨੀ ਪੜਾਅ ਬਾਰੇ ਕਾਰਵਾਈ ਕੀਤੀ ਜਾਵੇਗੀ।