#CANADA #Cricket #SPORTS

ਕੈਨੇਡਾ ‘ਚ ਹੋਣ ਵਾਲੇ ਮਾਸਟਰਜ਼ ਵਿਸ਼ਵ ਕੱਪ ਲਈ ਅਰਸ਼ਦੀਪ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਚੋਣ

ਮਿਸੀਸਾਗਾ/ਚੰਡੀਗੜ੍ਹ, 1 ਮਈ (ਪੰਜਾਬ ਮੇਲ)- ਆਮ ਤੌਰ ‘ਤੇ ਬੱਚੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਦੇ ਹਨ ਪਰ ਭਾਰਤੀ ਤੇਜ਼ ਗੇਂਦਬਾਜ਼ ਅਤੇ ਦੋ ਵਾਰ ਦੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਦੇ ਮਾਮਲੇ ਵਿਚ ਉਲਟ ਹੋ ਰਿਹਾ ਹੈ। ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਦੀ ਚੋਣ ਅਗਸਤ 2026 ਵਿਚ ਮਿਸੀਸਾਗਾ (ਕੈਨੇਡਾ) ‘ਚ ਹੋਣ ਵਾਲੇ 60 ਸਾਲ ਤੋਂ ਉੱਪਰ ਦੇ ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਹੋਈ ਹੈ। ਵੈਟਰਨਜ਼ ਕ੍ਰਿਕਟ ਇੰਡੀਆ (ਵੀ.ਸੀ.ਆਈ.) ਨੇ ਇਸ ਟੂਰਨਾਮੈਂਟ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦਾ ਪ੍ਰਬੰਧ ਕੌਂਸਲ ਆਫ ਕੈਨੇਡਾ ਮਾਸਟਰਜ਼ ਕ੍ਰਿਕਟ ਵੱਲੋਂ ਕੀਤਾ ਜਾ ਰਿਹਾ ਹੈ।
ਭਾਰਤੀ ਟੀਮ ਦੀ ਚੋਣ ਲਈ ਨੈਸ਼ਨਲ ਇੰਟਰ-ਜ਼ੋਨਲ ਟੂਰਨਾਮੈਂਟ ਕਰਵਾਇਆ ਗਿਆ ਸੀ ਅਤੇ ਖਿਡਾਰੀਆਂ ਦੀ ਫਿਟਨੈੱਸ ਦਾ ਮੁਲਾਂਕਣ ਕੀਤਾ ਗਿਆ। ਇਸ ਟੀਮ ਵਿਚ ਖਿਡਾਰੀਆਂ ਦੇ ਹੁਨਰ, ਸਰੀਰਕ ਸਮਰੱਥਾ ਅਤੇ ਖੇਡ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਮੁੱਖ ਰੱਖਿਆ ਗਿਆ। ਚੁਣੇ ਗਏ ਖਿਡਾਰੀਆਂ ਵਿਚ ਯੂ.ਆਰ. ਰਾਧਾਕ੍ਰਿਸ਼ਨਨ, ਵਰਿੰਦਰ ਭੁੰਬਲਾ, ਹੈਦਰ ਅਲੀ ਅਤੇ ਦਰਸ਼ਨ ਸਿੰਘ ਸਮੇਤ ਕੁੱਲ 16 ਮੈਂਬਰ ਸ਼ਾਮਲ ਹਨ।
ਭਾਰਤੀ ਟੀਮ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ, ਜਿੱਥੇ ਉਸ ਦਾ ਮੁਕਾਬਲਾ ਇੰਗਲੈਂਡ, ਨਿਊਜ਼ੀਲੈਂਡ, ਅਮਰੀਕਾ, ਜ਼ਿੰਬਾਬਵੇ, ਵੈਸਟਇੰਡੀਜ਼ ਅਤੇ ਸਕਾਟਲੈਂਡ ਵਰਗੀਆਂ ਟੀਮਾਂ ਨਾਲ ਹੋਵੇਗਾ। ਪੂਲ-ਏ ਵਿਚ ਆਸਟ੍ਰੇਲੀਆ, ਸ੍ਰੀਲੰਕਾ, ਪਾਕਿਸਤਾਨ, ਕੈਨੇਡਾ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਸ਼ਾਮਲ ਹਨ। ਇਹ ਟੂਰਨਾਮੈਂਟ 9 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ ਮੁਕਾਬਲਾ 23 ਅਗਸਤ ਨੂੰ ਖੇਡਿਆ ਜਾਵੇਗਾ।
ਸੀ.ਆਈ.ਐੱਸ.ਐੱਫ. ਦੇ ਸਾਬਕਾ ਇੰਸਪੈਕਟਰ ਦਰਸ਼ਨ ਸਿੰਘ ਖੁਦ ਕ੍ਰਿਕਟ ਦੇ ਬਹੁਤ ਵੱਡੇ ਸ਼ੌਕੀਨ ਹਨ। ਉਹ ਲਗਾਤਾਰ ਕਾਰਪੋਰੇਟ ਕ੍ਰਿਕਟ ਖੇਡਦੇ ਰਹੇ ਹਨ ਅਤੇ ਅਰਸ਼ਦੀਪ ਸਿੰਘ ਨੂੰ ਸਥਾਨਕ ਮੈਦਾਨਾਂ ਤੋਂ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹੁਣ ਉਹ ਖੁਦ ਵਿਸ਼ਵ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਨ।