-29 ਮਈ ਨੂੰ ਪੈਣਗੀਆਂ ਵੋਟਾਂ
ਕੈਲਗਰੀ, 25 ਮਈ (ਪੰਜਾਬ ਮੇਲ)-ਕੈਨੇਡਾ ਵਿਚ ਅਲਬਰਟਾ ਸੂਬਾਈ ਚੋਣਾਂ ਲਈ ਪੰਜਾਬੀ ਮੂਲ ਦੇ 15 ਉਮੀਦਵਾਰ ਮੈਦਾਨ ਵਿਚ ਹਨ, ਜਿਸ ਲਈ 29 ਮਈ ਨੂੰ ਸਾਰੇ 87 ਹਲਕਿਆਂ ਵਿਚ ਵੋਟਾਂ ਪੈਣਗੀਆਂ। ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ-ਨੈਸ਼ਨਲ ਡੈਮੋਕਰੇਟਿਕ ਪਾਰਟੀ (ਐੱਨ.ਡੀ.ਪੀ.) ਅਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆਫ ਅਲਬਰਟਾ (ਯੂ.ਸੀ.ਪੀ.) ਨਾ ਸਿਰਫ ਦੱਖਣੀ ਏਸ਼ੀਆਈਆਂ ਅਤੇ ਖਾਸ ਕਰਕੇ ਪੰਜਾਬੀਆਂ ‘ਤੇ ਬਹੁਤ ਜ਼ਿਆਦਾ ਭਰੋਸਾ ਕਰਦੀਆਂ ਹਨ, ਸਗੋਂ ਉਨ੍ਹਾਂ ਦੇ ਭਾਈਚਾਰਿਆਂ ਨੂੰ ਮੈਦਾਨ ਵਿਚ ਉਤਾਰ ਕੇ ‘ਉਚਿਤ ਪ੍ਰਤੀਨਿਧਤਾ’ ਵੀ ਦਿੱਤੀ ਹੈ। ਪੰਜਾਬੀ ਜ਼ਿਆਦਾਤਰ ਕੈਲਗਰੀ ਅਤੇ ਐਡਮਿੰਟਨ ਖੇਤਰਾਂ ਦੀਆਂ ਸੀਟਾਂ ‘ਤੇ ਚੋਣ ਲੜ ਰਹੇ ਹਨ।
ਚੋਣ ਲੜ ਰਹੇ ਪ੍ਰਮੁੱਖ ਪੰਜਾਬੀ ਉਮੀਦਵਾਰ ਰਾਜਨ ਸਾਹਨੀ (ਵਪਾਰ, ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਲਈ ਕੈਬਨਿਟ ਮੰਤਰੀ), ਕੈਲਗਰੀ ਉੱਤਰ-ਪੱਛਮੀ ਤੋਂ ਯੂ. ਸੀ. ਪੀ. ਟਿਕਟ ‘ਤੇ ਚੋਣ ਲੜ ਰਹੇ ਹਨ। ਵਿਧਾਇਕ ਦਵਿੰਦਰ ਤੂਰ ਕੈਲਗਰੀ-ਫਾਲਕੋਨਰਿਜ ਤੋਂ ਯੂ.ਸੀ.ਪੀ. ਦੀ ਟਿਕਟ ‘ਤੇ ਦੁਬਾਰਾ ਚੋਣ ਲੜ ਰਹੇ ਹਨ ਅਤੇ ਵਿਧਾਇਕ ਜਸਵੀਰ ਦਿਓਲ, ਐਡਮਿੰਟਨ ਮੀਡੋਜ਼ ਤੋਂ ਐੱਨ.ਡੀ.ਪੀ. ਦੀ ਟਿਕਟ ‘ਤੇ ਚੋਣ ਲੜ ਰਹੇ ਹਨ। 2019 ਵਿਚ ਸਾਹਨੀ ਨੇ ਕੈਲਗਰੀ ਨਾਰਥ-ਈਸਟ ਰਾਈਡਿੰਗ ਜਿੱਤੀ ਅਤੇ ਇਸ ਸਾਲ ਦੇ ਸ਼ੁਰੂ ਵਿਚ ਉਨ੍ਹਾਂ ਐਲਾਨ ਕੀਤਾ ਸੀ ਕਿ ਉਹ ਦੁਬਾਰਾ ਚੋਣ ਨਹੀਂ ਲੜਨਗੇ ਪਰ ਯੂ.ਸੀ.ਪੀ. ਵਾਤਾਵਰਨ ਮੰਤਰੀ ਅਤੇ ਮੌਜੂਦਾ ਕੈਲਗਰੀ ਉੱਤਰੀ ਪੱਛਮੀ ਉਮੀਦਵਾਰ ਸੋਨੀਆ ਸੇਵੇਜ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਯੂ.ਸੀ.ਪੀ. ਨੇ ਸਾਹਨੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।
ਸਾਹਨੀ ਨੇ ਐੱਮ.ਬੀ.ਏ. ਤੋਂ ਇਲਾਵਾ ਕੈਲਗਰੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿਚ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਆਪਣੇ ਰਾਜਨੀਤਿਕ ਕਾਰਜਕਾਲ ਤੋਂ ਪਹਿਲਾਂ ਉਸਨੇ 20 ਸਾਲਾਂ ਤੋਂ ਵੱਧ ਸਮੇਂ ਲਈ ਤੇਲ ਅਤੇ ਗੈਸ ਉਦਯੋਗ ਵਿਚ ਕੰਮ ਕੀਤਾ। ਰਾਜਨ ਸਾਹਨੀ ਨੇ ਕਿਹਾ ”ਮੈਂ ਕੈਲਗਰੀ ਉੱਤਰੀ-ਪੱਛਮੀ ਨੂੰ ਵਿਕਾਸ, ਖੁਸ਼ਹਾਲੀ ਅਤੇ ਵਧੇਰੇ ਕਿਫਾਇਤੀ ਅਲਬਰਟਾ ਦੇ ਨਾਲ ਅੱਗੇ ਵਧਦਾ ਦੇਖਣ ਲਈ ਹਰ ਰੋਜ਼ ਸਖ਼ਤ ਮਿਹਨਤ ਕਰਾਂਗੀ ਕਿਉਂਕਿ ਅਸੀਂ ਗਿਰਾਵਟ, ਉੱਚ ਟੈਕਸਾਂ ਅਤੇ ਅਸਫਲ ਐੱਨ.ਡੀ.ਪੀ. ਨੀਤੀਆਂ ਵੱਲ ਵਾਪਸ ਨਹੀਂ ਜਾ ਸਕਦੇ”।
ਯੂ.ਸੀ.ਪੀ. ਨੇ ਕੈਲਗਰੀ-ਭੁੱਲਰ-ਮੈਕਲ ਤੋਂ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਨਾਰਥ-ਈਸਟ ਤੋਂ ਇੰਦਰ ਗਰੇਵਾਲ, ਐਡਮਿੰਟਨ ਐਲਰਸਲੀ ਤੋਂ ਆਰ. ਸਿੰਘ ਬਾਠ, ਐਡਮਿੰਟਨ ਮੀਡੋਜ਼ ਤੋਂ ਅੰਮ੍ਰਿਤਪਾਲ ਸਿੰਘ ਮਠਾਰੂ ਅਤੇ ਐਡਮਿੰਟਨ ਮਿੱਲ ਵੁੱਡਜ਼ ਤੋਂ ਰਮਨ ਅਠਵਾਲ ਨੂੰ ਵੀ ਉਮੀਦਵਾਰ ਬਣਾਇਆ ਹੈ। ਐੱਨ.ਡੀ.ਪੀ. ਵੱਲੋਂ ਮੈਦਾਨ ਵਿਚ ਉਤਾਰੇ ਗਏ ਹੋਰ ਪੰਜਾਬੀ ਉਮੀਦਵਾਰਾਂ ਵਿਚ ਕੈਲਗਰੀ-ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਕੈਲਗਰੀ-ਫਾਲਕੋਨਰਿਜ਼ ਤੋਂ ਪਰਮੀਤ ਸਿੰਘ ਬੋਪਾਰਾਏ, ਕੈਲਗਰੀ ਨਾਰਥ-ਈਸਟ ਤੋਂ ਗੁਰਿੰਦਰ ਬਰਾੜ, ਡਰਾਇਟਨ ਵੈਲੀ-ਡੇਵਨ ਤੋਂ ਹੈਰੀ ਸਿੰਘ ਸ਼ਾਮਲ ਹਨ। ਅਮਨ ਸੰਧੂ ਕੈਲਗਰੀ-ਕਰਾਸ ਤੋਂ ਗ੍ਰੀਨ ਪਾਰਟੀ ਆਫ਼ ਅਲਬਰਟਾ (ਜੀ.ਪੀ.ਏ.) ਦੀ ਟਿਕਟ ‘ਤੇ, ਜੀਵਨ ਮਾਂਗਟ ਵਾਈਲਡਰੋਜ਼ ਇੰਡੀਪੈਂਡੈਂਸ ਪਾਰਟੀ ਆਫ਼ ਅਲਬਰਟਾ (ਡਬਲਯੂ.ਆਈ.ਪੀ.ਏ.) ਦੀ ਟਿਕਟ ‘ਤੇ ਇਨਿਸਫ਼ੈਲ-ਸਿਲਵਨ ਲੇਕ ਤੋਂ ਅਤੇ ਬ੍ਰਹਮ ਲੱਡੂ ਲੈਥਬ੍ਰਿਜ-ਵੈਸਟ ਤੋਂ ਅਲਬਰਟਾ ਪਾਰਟੀ (ਏ.ਪੀ.) ਦੀ ਟਿਕਟ ‘ਤੇ ਚੋਣ ਲੜ ਰਹੇ ਹਨ।