-ਮਾਹਿਰਾਂ ਨੇ ਨੌਕਰੀਆਂ ਵਧਣ ਦਾ ਲਾਇਆ ਸੀ ਅਨੁਮਾਨ
ਓਟਵਾ, 4 ਸਤੰਬਰ (ਪੰਜਾਬ ਮੇਲ)- ਕੈਨੇਡਾ ਵਿਚ ਅਗਸਤ ਦੌਰਾਨ 41,700 ਨੌਕਰੀਆਂ ਖੁੱਸੀਆਂ ਹਨ। ਦੂਜੇ ਪਾਸੇ ਇੰਨੇ ਵੱਡੇ ਪੱਧਰ ‘ਤੇ ਨੌਕਰੀਆਂ ਜਾਣ ਦੇ ਬਾਵਜੂਦ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 6.4% ‘ਤੇ ਸਥਿਰ ਬਣੀ ਰਹੀ ਹੈ। ਇਸ ਤੋਂ ਪਹਿਲਾਂ ਵਿਸ਼ਲੇਸ਼ਕਾਂ ਦੇ ਸਰਵੇਖਣ ਵਿਚ ਇਹ ਪੇਸ਼ੀਨਗੋਈ ਕੀਤੀ ਸੀ ਕਿ ਜੁਲਾਈ ਦੇ ਮਹੀਨੇ ਦੌਰਾਨ ਹੋਏ 75,100 ਨੌਕਰੀਆਂ ਦੇ ਭਾਰੀ ਵਾਧੇ ਤੋਂ ਬਾਅਦ ਅਗਸਤ ਵਿਚ ਲਗਪਗ 15,000 ਨੌਕਰੀਆਂ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਪਰ ਅਸਲ ਹਾਲਾਤ ਇਸ ਦੇ ਬਿਲਕੁਲ ਉਲਟ ਰਹੇ ਅਤੇ ਰੁਜ਼ਗਾਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ।
ਇਹ ਖੁਲਾਸਾ ਆਰਥਿਕ ਰਿਪੋਰਟ ‘ਚ ਹੋਇਆ ਹੈ। ਇਹ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਵਿੱਤੀ ਬਾਜ਼ਾਰਾਂ ਵਿਚ ਤੁਰੰਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿਸ ਕਾਰਨ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 0.51% ਡਿੱਗ ਕੇ ਸੀ$1.3860 ‘ਤੇ ਆ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ‘ਚ ਪਿਛਲੇ ਸਾਲ ਤੋਂ ਪ੍ਰਵਾਸੀਆਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਕ ਤਾਂ ਕੈਨੇਡਾ ਸਰਕਾਰ ਨੇ ਪੱਕੇ ਹੋਣ ਦੇ ਨਿਯਮ ਸਖਤ ਕਰ ਦਿੱਤੇ ਹਨ। ਦੂਜੇ ਪਾਸੇ ਨੌਕਰੀਆਂ ਜਾਣ ਦਾ ਖਦਸ਼ਾ ਬਰਕਰਾਰ ਹੈ ਤੇ ਨੌਕਰੀਆਂ ਲੱਭਣ ਲਈ ਨੌਜਵਾਨਾਂ ਨੂੰ ਜੂਝਣਾ ਪੈ ਰਿਹਾ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਜ਼ਿਆਦਾਤਰ ਨੌਕਰੀਆਂ ਦਾ ਨੁਕਸਾਨ ਫੁੱਲ-ਟਾਈਮ ਰੁਜ਼ਗਾਰ ਵਿਚ ਦੇਖਿਆ ਗਿਆ ਹੈ, ਜਿੱਥੇ ਕੁੱਲ 35,900 ਅਹੁਦੇ ਘਟ ਗਏ ਹਨ, ਜਦੋਂਕਿ ਪਾਰਟ-ਟਾਈਮ ਰੁਜ਼ਗਾਰ ਵਿਚ ਵੀ 5,800 ਨੌਕਰੀਆਂ ਦੀ ਕਮੀ ਆਈ ਹੈ। ਸੇਵਾ-ਉਤਪਾਦਨ ਉਦਯੋਗਾਂ ਜਿਵੇਂ ਕਿ ਸਿਹਤ ਸੰਭਾਲ, ਸਿੱਖਿਆ, ਆਵਾਜਾਈ ਅਤੇ ਵਿੱਤ ਨੂੰ ਇਸ ਮੰਦੀ ਦਾ ਸਭ ਤੋਂ ਵੱਡਾ ਨੁਕਸਾਨ ਝੱਲਣਾ ਪਿਆ ਹੈ ਅਤੇ ਅਗਸਤ ਮਹੀਨੇ ਦੌਰਾਨ ਇਕੱਲੇ ਇਸ ਸੈਕਟਰ ਨੇ 51,500 ਨੌਕਰੀਆਂ ਗੁਆ ਦਿੱਤੀਆਂ ਹਨ। ਇਸ ਤੋਂ ਇਲਾਵਾ, ਦੇਸ਼ ਵਿਚ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੀ ਦਰ 0.3 ਫ਼ੀਸਦੀ ਵਧ ਕੇ 12.9% ਤੱਕ ਪਹੁੰਚ ਗਈ ਹੈ ਅਤੇ ਸਥਾਈ ਕਰਮਚਾਰੀਆਂ ਦੀ ਔਸਤ ਪ੍ਰਤੀ ਘੰਟਾ ਉਜਰਤ ਵਿਚ ਵੀ ਗਿਰਾਵਟ ਆ ਕੇ ਇਹ ਸਿਰਫ਼ 2% ਰਹਿ ਗਈ ਹੈ। ਆਉਣ ਵਾਲੇ ਦਿਨਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ 50% ਟੈਰਿਫਾਂ ਦੇ ਪ੍ਰਭਾਵ ਅਤੇ ਕੈਨੇਡਾ ਦੀਆਂ ਜਵਾਬੀ ਕਾਰਵਾਈਆਂ ਦੇ ਲਾਗੂ ਹੋਣ ਕਾਰਨ ਕੈਨੇਡਾ ਦੇ ਲੇਬਰ ਮਾਰਕੀਟ ਦੀ ਇਸ ਪਹਿਲਾਂ ਹੀ ਮੱਧਮ ਪੈ ਚੁੱਕੀ ਗਤੀ ਨੂੰ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੈਨੇਡਾ ‘ਚ ਅਗਸਤ ਮਹੀਨੇ ਰੁਜ਼ਗਾਰ ‘ਚ ਆਈ ਗਿਰਾਵਟ: 41,700 ਨੌਕਰੀਆਂ ਖੁੱਸੀਆਂ

