#PUNJAB

ਐੱਫ.ਬੀ.ਆਈ. ਵੱਲੋਂ ਮੋਸਟ ਵਾਂਟੇਡ ਐਲਾਨਿਆ ਭਗੌੜਾ ਮਨਜੀਤ ਬੇਦੀ ਜਲੰਧਰ ਤੋਂ ਗ੍ਰਿਫ਼ਤਾਰ

– ਗੈਰ-ਕਾਨੂੰਨੀ ਟਰੈਵਲ ਏਜੰਟ ਵਜੋਂ ਕਰ ਰਿਹਾ ਸੀ ਕੰਮ
– ਐੱਫ.ਬੀ.ਆਈ. ਵਾਂਟੇਡ ਸੂਚੀ ‘ਚ ਸ਼ਾਮਲ ਬੇਦੀ ‘ਤੇ 6 ਲੱਖ ਡਾਲਰ ਦੇ ਸਰਕਾਰੀ ਭੱਤਾ ਦੇ ਘਪਲੇ ਦੇ ਦੋਸ਼
ਜਲੰਧਰ, 4 ਸਤੰਬਰ (ਪੰਜਾਬ ਮੇਲ)- ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਅਮਰੀਕਾ ਦੀ ਸੰਘੀ ਜਾਸੂਸੀ ਏਜੰਸੀ ਐੱਫ.ਬੀ.ਆਈ. ਵੱਲੋਂ ਮੋਸਟ ਵਾਂਟੇਡ ਐਲਾਨੇ ਗਏ ਭਗੌੜੇ ਮਨਜੀਤ ਸਿੰਘ ਬੇਦੀ (65) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਲਗਭਗ 6 ਲੱਖ ਅਮਰੀਕੀ ਡਾਲਰ (ਕਰੀਬ 5.3 ਕਰੋੜ ਰੁਪਏ) ਦੇ ‘ਸਨੈਪ’ (SNAP) ਸਰਕਾਰੀ ਰਾਸ਼ਨ ਭੱਤਾ ਘਪਲੇ ਵਿਚ ਨਾਮਜ਼ਦ ਸੀ ਅਤੇ ਅਪ੍ਰੈਲ 2026 ਵਿਚ ਕਾਨੂੰਨ ਤੋਂ ਬਚਣ ਲਈ ਕੈਨੇਡਾ ਦੇ ਰਸਤੇ ਭਾਰਤ ਭੱਜ ਆਇਆ ਸੀ।
ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਅਮਨ ਨਗਰ ਦੇ ਰਹਿਣ ਵਾਲੇ ਬੇਦੀ ਨੂੰ ਨਗਰ ਪੁਲਿਸ ਨੇ ਸ਼ੁੱਕਰਵਾਰ ਨੂੰ ਪਰਾਗਪੁਰ ਇਲਾਕੇ ਤੋਂ ਧਰ ਦਬੋਚਿਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਬੇਦੀ ਖ਼ਿਲਾਫ਼ ਇਸੇ ਸਾਲ 16 ਮਈ ਨੂੰ ਜਲੰਧਰ ਦੇ ਰਾਮਾ ਮੰਡੀ ਥਾਣੇ ਵਿਚ ਬੀ.ਐੱਨ.ਐੱਸ. ਦੀ ਧਾਰਾ 316(2) (ਅਮਾਨਤ ਵਿਚ ਖਿਆਨਤ), 318(4) (ਧੋਖਾਧੜੀ) ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਦੀ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਅਧੀਨ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਬੇਦੀ ਸਾਲ 2019 ਵਿਚ ਅਮਰੀਕਾ ਗਿਆ ਸੀ, ਜਦੋਂਕਿ ਇਸ ਤੋਂ ਪਹਿਲਾਂ ਉਹ ਜਲੰਧਰ ਵਿਚ ਹੀ ਟਰਾਂਸਪੋਰਟ ਦਾ ਕਾਰੋਬਾਰ ਚਲਾਉਂਦਾ ਸੀ। ਉਹ ਅਮਰੀਕੀ ਪਾਸਪੋਰਟ ਧਾਰਕ ਹੈ ਅਤੇ ਉਸ ਦੇ ਦੋਵੇਂ ਪੁੱਤਰ ਵੀ ਅਮਰੀਕਾ ਵਿਚ ਹੀ ਪੱਕੇ ਤੌਰ ‘ਤੇ ਵੱਸੇ ਹੋਏ ਹਨ।
ਐੱਫ.ਬੀ.ਆਈ. ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਬੇਦੀ ਵਾਸ਼ਿੰਗਟਨ ਦੇ ਟਾਕੋਮਾ ਸ਼ਹਿਰ ਵਿਚ ‘ਏਸ਼ੀਅਨ ਗਰੋਸਰੀ ਸਟੋਰ’ ਚਲਾਉਂਦਾ ਸੀ। ਉਸ ਦੇ ਸਟੋਰ ਨੂੰ ਫਰਵਰੀ 2024 ਵਿਚ ‘ਈ.ਬੀ.ਟੀ. ਕਾਰਡਾਂ ਰਾਹੀਂ ਸਰਕਾਰੀ ਖੁਰਾਕ ਸਹਾਇਤਾ ਪ੍ਰੋਗਰਾਮ ‘ਸਨੈਪ’ (SNAP) ਦੇ ਭੱਤੇ ਸਵੀਕਾਰ ਕਰਨ ਦੀ ਮਨਜ਼ੂਰੀ ਮਿਲੀ ਸੀ। ਦੋਸ਼ ਹਨ ਕਿ ਮਾਰਚ 2024 ਤੋਂ ਜੂਨ 2025 ਦਰਮਿਆਨ ਬੇਦੀ ਨੇ ਸਾਮਾਨ ਵੇਚਣ ਦੀ ਬਜਾਏ ਨਕਦੀ ਦੇਣ ਦਾ ਗੈਰ-ਕਾਨੂੰਨੀ ਧੰਦਾ ਸ਼ੁਰੂ ਕਰ ਦਿੱਤਾ। ਉਹ ਗਾਹਕਾਂ ਦੇ ਈ.ਬੀ.ਟੀ. ਕਾਰਡ ਵਿਚੋਂ ਪੂਰੇ ਪੈਸੇ ਸਵਾਈਪ ਕਰ ਲੈਂਦਾ ਸੀ, ਪਰ ਉਨ੍ਹਾਂ ਨੂੰ ਅੱਧੀ ਰਕਮ ਨਕਦ ਦੇ ਕੇ ਬਾਕੀ ਅੱਧੀ ਰਕਮ ਆਪਣੀ ਜੇਬ ਵਿੱਚ ਪਾ ਲੈਂਦਾ ਸੀ। ਉਦਾਹਰਣ ਵਜੋਂ 200 ਡਾਲਰ ਸਵਾਈਪ ਕਰਨ ‘ਤੇ ਉਹ ਗਾਹਕ ਨੂੰ 100 ਡਾਲਰ ਦਿੰਦਾ ਸੀ ਅਤੇ 100 ਡਾਲਰ ਖੁਦ ਰੱਖ ਲੈਂਦਾ ਸੀ। ਇਸ ਤਰ੍ਹਾਂ ਉਸ ਨੇ ਬਿਨਾਂ ਕੋਈ ਖਾਣ-ਪੀਣ ਦਾ ਸਾਮਾਨ ਵੇਚੇ 6 ਲੱਖ ਡਾਲਰ ਤੋਂ ਵੱਧ ਦੀ ਰਕਮ ਹੜੱਪ ਲਈ।
2026 ਵਿਚ ਅਮਰੀਕਾ ਦੀ ਅਦਾਲਤ ਨੇ ਬੇਦੀ ਖ਼ਿਲਾਫ਼ ਵਾਇਰ ਫਰੋਡ ਅਤੇ ਸਨੈਪ ਭੱਤਾ ਧੋਖਾਧੜੀ ਦੇ ਕਈ ਸੰਗੀਨ ਦੋਸ਼ ਹੇਠ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿਚ ਉਸ ਨੂੰ 20 ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਜੁਰਮਾਨਾ ਹੋ ਸਕਦਾ ਸੀ। ਅਦਾਲਤ ਨੇ ਉਸ ਨੂੰ ਬਿਨਾਂ ਹਿਰਾਸਤ ਤੋਂ ਪੇਸ਼ ਹੋਣ ਦੀ ਇਜਾਜ਼ਤ ਦਿੰਦਿਆਂ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਵਾਸ਼ਿੰਗਟਨ ਰਾਜ ਨਾ ਛੱਡਣ ਦੇ ਹੁਕਮ ਦਿੱਤੇ ਸਨ। ਪਰ ਬੇਦੀ ਸ਼ਰਤਾਂ ਦੀ ਉਲੰਘਣਾ ਕਰਦਿਆਂ ਗੱਡੀ ਰਾਹੀਂ ਕੈਨੇਡਾ ਦੀ ਸਰਹੱਦ ਪਾਰ ਕਰ ਗਿਆ ਅਤੇ ਉੱਥੋਂ ਭਾਰਤ ਭੱਜ ਆਇਆ। 21 ਮਈ 2026 ਨੂੰ ਅਮਰੀਕੀ ਅਦਾਲਤ ਨੇ ਉਸ ਖ਼ਿਲਾਫ਼ ਜ਼ਮਾਨਤ ਸ਼ਰਤਾਂ ਤੋੜਨ ਬਦਲੇ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਐੱਫ.ਬੀ.ਆਈ. ਨੇ ਉਸ ਦੀ ਗ੍ਰਿਫ਼ਤਾਰੀ ਅਤੇ ਦੋਸ਼ੀ ਕਰਾਰ ਦਿਵਾਉਣ ਵਾਲੀ ਜਾਣਕਾਰੀ ਦੇਣ ਵਾਲੇ ਲਈ 1,50,000 ਡਾਲਰ (ਲਗਭਗ 1.3 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਹੁਣ ਜਲੰਧਰ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਏ ਜਾਣ ਤੋਂ ਬਾਅਦ ਉਸ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।