-ਵਿਧਾਨ ਸਭਾ ‘ਚ ਨਵਾਂ ਬਿੱਲ ਲਿਆਉਣ ਦਾ ਐਲਾਨ
ਵੈਨਕੂਵਰ, 2 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਸੂਬੇ ਕਿਊਬੈਕ ‘ਚ ਕੁੱਝ ਸਮਾਂ ਪਹਿਲਾਂ ਬਣੀ ਸਰਕਾਰ ਦੇ ਸਿੱਖਿਆ ਮੰਤਰੀ ਜੋਇਲ ਅਰਸੈਨਿਊ ਨੇ ਕਿਹਾ ਹੈ ਕਿ ਉਹ ਜਲਦੀ ਹੀ ਵਿਧਾਨ ਸਭਾ ਵਿਚ ਬਿੱਲ 9 ਲੈ ਕੇ ਆ ਰਹੇ ਹਨ, ਜਿਸ ਤਹਿਤ ਐਲੀਮੈਂਟਰੀ ਸਕੂਲਾਂ ਵਿਚ ਬੱਚਿਆਂ ਉੱਤੇ ਕੋਈ ਵੀ ਧਾਰਮਿਕ ਚਿੰਨ੍ਹ ਪਹਿਨ ਕੇ ਆਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਮੰਤਰੀ ਨੇ ਆਪਣੇ ਮੁੱਖ ਮੰਤਰੀ ਪੌਲ ਸੇਂਟ ਪੀਅਰ ਪਾਲਡੀਮੋਰ ਦੀ ਹਾਜ਼ਰੀ ਵਿਚ ਕਿਹਾ ਕਿ ਉਨ੍ਹਾਂ ਦੀ ਨਵੀਂ ਬਣੀ ਕਿਊਬਕੋਇਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਵਿਚ ਸਮਾਨਤਾ (ਸੈਕੂਲਰ) ਵਾਲਾ ਮਾਹੌਲ ਸਿਰਜਣ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਭਰੋਸੇ ‘ਤੇ ਹੀ ਵੋਟਰਾਂ ਨੇ ਸੱਤਾਧਾਰੀਆਂ ਨੂੰ ਪਾਸੇ ਕਰਕੇ ਸਾਡੀ ਪਾਰਟੀ ਨੂੰ ਬਹੁਮਤ ਨਾਲ ਨਿਵਾਜਿਆ ਹੈ, ਜਿਸ ਕਰਕੇ ਹੁਣ ਉਸ ਵਾਅਦੇ ਨੂੰ ਪੁਗਾਉਂਦੇ ਹੋਏ ਧਾਰਮਿਕ ਚਿੰਨ੍ਹਾਂ ਦੇ ਜਨਤਕ ਵਿਖਾਵੇ ਉੱਤੇ ਪਾਬੰਦੀ ਲਾਉਣਾ ਜ਼ਰੂਰੀ ਹੈ।
ਉੱਧਰ ਨੈਸ਼ਨਲ ਕੌਂਸਲ ਫ਼ਾਰ ਕੈਨੇਡੀਅਨ ਮੁਸਲਿਮਜ਼ ਦੇ ਪ੍ਰਧਾਨ ਸਟੀਫ਼ਨ ਬਰਾਊਨ ਨੇ ਕਿਹਾ ਹੈ ਕਿ ਸਰਕਾਰ ਸਮਾਨਤਾ ਦੀ ਆੜ ਹੇਠ ਲੋਕਾਂ ਦੀ ਧਾਰਮਿਕ ਆਜ਼ਾਦੀ ਵਿਚ ਸਿੱਧਾ ਦਖ਼ਲ ਦੇ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਚੋਣ ਜਿੱਤਣ ਲਈ ਇਹ ਵਾਅਦਾ ਵੀ ਕੀਤਾ ਸੀ ਕਿ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣਗੇ, ਫਿਰ ਉਹ ਵਾਅਦਾ ਕਿੱਧਰ ਗਿਆ?
ਜ਼ਿਕਰਯੋਗ ਹੈ ਕਿ ਕਿਊਬੈਕ ਵਿਚ ਧਾਰਮਿਕ ਚਿੰਨ੍ਹਾਂ ਸਮੇਤ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਤੇ ਇਹ ਪਾਬੰਦੀ ਕਈ ਸਾਲਾਂ ਤੋਂ ਜਾਰੀ ਹੈ। ਕਿਊਬੈਕ ਕੈਨੇਡਾ ਦਾ ਉਹ ਸੂਬਾ ਹੈ, ਜਿੱਥੋਂ ਦੇ ਲੋਕਾਂ ਦੀ ਮੰਗ ‘ਤੇ ਉੱਥੇ ਪਿਛਲੇ ਦਹਾਕਿਆਂ ਵਿਚ ਦੋ ਵਾਰ ਵੋਟਾਂ ਪਵਾਈਆਂ ਗਈਆਂ ਸਨ ਕਿ ਉਹ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ, ਪਰ ਦੋਵੇਂ ਵਾਰ ਵੱਖਵਾਦੀ ਮੰਗ ਨੂੰ ਬਹੁਮਤ ਨਾ ਮਿਲ ਸਕਿਆ।
ਕਿਊਬੈਕ ਸਰਕਾਰ ਵੱਲੋਂ ਸਕੂਲੀ ਬੱਚਿਆਂ ‘ਤੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਦਾ ਐਲਾਨ

