#CANADA

ਕਈ ਮੰਦਰਾਂ ’ਚ ਚੋਰੀ ਦੇ ਦੋਸ਼ ਹੇਠ ਭਾਰਤੀ-ਕੈਨੇਡਿਆਈ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ, 30 ਦਸੰਬਰ (ਪੰਜਾਬ ਮੇਲ)- ਕੈਨੇਡਾ ਦਾ ਦਰਹੈਮ ਖੇਤਰ ਅਤੇ ਗਰੇਟਰ ਟੋਰਾਂਟੋ ਖੇਤਰ ਵਿਚਲੇ ਹਿੰਦੂ ਮੰਦਰਾਂ ’ਚ ਚੋਰੀ ਕਰਨ ਦੇ ਦੋਸ਼ ਹੇਠ ਇੱਕ 41 ਸਾਲਾ ਭਾਰਤੀ-ਕੈਨੇਡਿਆਈ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਹੈਮ ਖੇਤਰੀ ਪੁਲੀਸ ਨੇ ਬੀਤੇ ਦਿਨ ਦੱਸਿਆ ਕਿ ਇਹ ਨਫਰਤੀ ਅਪਰਾਧ ਦੇ ਮਾਮਲੇ ਪ੍ਰਤੀਤ ਨਹੀਂ ਹੁੰਦੇ। ਪੁਲੀਸ ਨੇ ਮੁਲਜ਼ਮ ਦੀ ਪਛਾਣ ਬਰੈਂਪਟਨ ਸ਼ਹਿਰ ਦੇ ਵਸਨੀਕ ਜਗਦੀਸ਼ ਪੰਧੇਰ ਵਜੋਂ ਕੀਤੀ ਹੈ। ਪੁਲੀਸ ਅੱਠ ਅਕਤੂਬਰ ਨੂੰ ਪਿਕਰਿੰਗ ’ਚ ਕ੍ਰੋਸਨੋ ਬੁਲੇਵਰਡ ਅਤੇ ਬੇਅਲੀ ਸ੍ਰਟੀਟ ਦੇ ਖੇਤਰ ਵਿਚਲੇ ਇੱਕ ਹਿੰਦੂ ਮੰਦਰ ’ਚ ਕਿਸੇ ਦੇ ਦਾਖਲ ਹੋਣ ਦੀ ਜਾਣਕਾਰੀ ਮਿਲਣ ਮਗਰੋਂ ਕਾਰਵਾਈ ਕੀਤੀ। ਸੁਰੱਖਿਆ ਨਿਗਰਾਨੀ ਲਈ ਲਾਏ ਗਏ ਕੈਮਰਿਆਂ ਦੀ ਫੁਟੇਜ ’ਚ ਪੰਧੇਰ ਨੂੰ ਮੰਦਰ ਅੰਦਰ ਦਾਖਲ ਹੋ ਕੇ ਨਕਦੀ ਕੱਢਦਿਆਂ ਦੇਖਿਆ ਗਿਆ ਅਤੇ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਉਹ ਫਰਾਰ ਹੋ ਗਿਆ। ਪੁਲੀਸ ਅਨੁਸਾਰ ਮੁਲਜ਼ਮ ਨੂੰ ਉਸੇ ਸਵੇਰ ਬਾਅਦ ਵਿੱਚ ਕਈ ਹੋਰ ਫੁਟੇਜ ’ਚ ਹੋਰ ਵੀ ਕਈ ਮੰਦਰਾਂ ਅੰਦਰ ਦਾਖਲ ਹੁੰਦਿਆਂ ਦੇਖਿਆ ਗਿਆ ਸੀ।