– ਅੰਤਿਮ ਸੂਚੀਆਂ ‘ਚ ਸਭ ਤੋਂ ਵੱਧ ਸੁਧਾਰ ਪੰਜਾਬ ‘ਚ
– ਗੋਆ ਵਿਚ ਅੰਤਿਮ ਵੋਟਰ ਸੂਚੀ ਖਰੜੇ ਨਾਲੋਂ ਛੋਟੀ
ਨਵੀਂ ਦਿੱਲੀ, 3 ਨਵੰਬਰ (ਪੰਜਾਬ ਮੇਲ)- ਅੰਕੜਿਆਂ ਦੀ ਮੰਨੀਏ ਤਾਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.ਆਈ.ਆਰ.) ਦਾ ਅਮਲ ਮੁਕੰਮਲ ਹੋਣ ਮਗਰੋਂ ਵੋਟਰਾਂ ਦੀ ਗਿਣਤੀ 13.24 ਫੀਸਦੀ ਤੱਕ ਘਟੀ ਹੈ। ਇਨ੍ਹਾਂ ਪੰਜ ਰਾਜਾਂ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਅਸੈਂਬਲੀ ਚੋਣਾਂ ਹਨ। ਪੰਜਾਬ ਵਿਚ ਅੰਤਿਮ ਸੂਚੀਆਂ ‘ਚ ਸਭ ਤੋਂ ਵੱਧ ਸੁਧਾਰ ਦੇਖਣ ਨੂੰ ਮਿਲਿਆ। ਉਪਰੋਕਤ ਪੰਜਾਂ ਵਿਚੋਂ ਗੋਆ ਇਕੱਲਾ ਅਜਿਹਾ ਹੈ, ਜਿੱਥੇ ਅੰਤਿਮ ਵੋਟਰ ਸੂਚੀ ਇਸ ਦੇ ਖਰੜੇ ਨਾਲੋਂ ਛੋਟੀ ਹੈ। ਚੋਣ ਕਮਿਸ਼ਨ ਅਤੇ ਰਾਜ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਹਾਲ ਹੀ ਵਿਚ ਜਨਤਕ ਕੀਤੇ ਅੰਕੜਿਆਂ ਅਨੁਸਾਰ ਪੰਜ ਰਾਜਾਂ ਵਿਚ ਵੋਟਰਾਂ ਦੀ ਗਿਣਤੀ ਲਗਪਗ 18.71 ਕਰੋੜ ਤੋਂ ਘੱਟ ਕੇ 16.43 ਕਰੋੜ ਰਹਿ ਗਈ ਹੈ; ਭਾਵ, ਇਸ ਵਿਚ ਖਾਲਸ 2.29 ਕਰੋੜ ਦੀ ਕਮੀ ਆਈ ਹੈ, ਜੋ ਲਗਪਗ 12.2 ਫੀਸਦੀ ਬਣਦੀ ਹੈ।
ਪੰਜਾਬ ਵਿਚ ਤੀਜੇ ਪੜਾਅ ਦੌਰਾਨ ਐੱਸ.ਆਈ.ਆਰ. ਦਾ ਅਮਲ ਸ਼ੁਰੂ ਹੋਇਆ ਸੀ। ਵਿਸ਼ੇਸ਼ ਸੁਧਾਈ ਮਗਰੋਂ ਖਰੜਾ ਸੂਚੀ ਵਿਚ ਵੋਟਰਾਂ ਦੀ ਗਿਣਤੀ 2.15 ਕਰੋੜ ਤੋਂ ਘੱਟ ਕੇ 1.94 ਕਰੋੜ ਰਹਿ ਗਈ ਸੀ ਅਤੇ ਫਿਰ ਅੰਤਿਮ ਸੂਚੀਆਂ ਵਿਚ ਇਹ 2.01 ਕਰੋੜ ਦਰਜ ਹੋਈ। ਵੋਟਰਾਂ ਦੀ ਗਿਣਤੀ ਵਿਚ ਕੁੱਲ ਕਮੀ ਕਰੀਬ 0.14 ਕਰੋੜ ਜਾਂ 6.34 ਫੀਸਦੀ ਰਹੀ। ਖਰੜਾ ਸੂਚੀ ਵਿਚੋਂ ਹਟਾਏ ਗਏ ਲਗਪਗ 0.21 ਕਰੋੜ ਵੋਟਰਾਂ ਵਿਚੋਂ ਕਰੀਬ 0.07 ਕਰੋੜ (34 ਫੀਸਦੀ) ਵੋਟਰ ਵਾਪਸ ਸੂਚੀਆਂ ਵਿਚ ਸ਼ਾਮਲ ਹੋ ਗਏ।
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਦੂਜੇ ਪੜਾਅ ਦੌਰਾਨ ਐੱਸ.ਆਈ.ਆਰ. ਦਾ ਅਮਲ ਸ਼ੁਰੂ ਹੋਇਆ। ਵਿਸ਼ੇਸ਼ ਸੁਧਾਈ ਤੋਂ ਪਹਿਲਾਂ ਵੋਟਰਾਂ ਦੀ ਗਿਣਤੀ 15.44 ਕਰੋੜ ਸੀ, ਜੋ ਖਰੜਾ ਸੂਚੀ ਵਿਚ ਘੱਟ ਕੇ 12.56 ਕਰੋੜ ਰਹਿ ਗਈ ਅਤੇ ਅੰਤਿਮ ਸੂਚੀਆਂ ਵਿਚ 13.40 ਕਰੋੜ ਦਰਜ ਕੀਤੀ ਗਈ। ਇਸ ਵਿਚ ਕੁੱਲ ਕਮੀ ਕਰੀਬ 2.04 ਕਰੋੜ ਜਾਂ 13.24 ਫੀਸਦੀ ਰਹੀ, ਜੋ ਪੰਜਾਂ ਰਾਜਾਂ ਵਿਚੋਂ ਸਭ ਤੋਂ ਵੱਧ ਹੈ। ਖਰੜਾ ਸੂਚੀ ਵਿਚੋਂ ਕਰੀਬ 2.89 ਕਰੋੜ ਨਾਮ ਹਟਾਏ ਗਏ, ਜਿਨ੍ਹਾਂ ਵਿਚੋਂ 0.84 ਕਰੋੜ (29 ਫੀਸਦੀ) ਨਾਂ ਬਹਾਲ ਕਰ ਦਿੱਤੇ ਗਏ। ਉੱਤਰਾਖੰਡ ਵਿਚ ਤੀਜੇ ਪੜਾਅ ਦੌਰਾਨ ਵੋਟਰ ਸੂਚੀਆਂ ਦੀ ਸੋਧ ਕੀਤੀ ਗਈ। ਇਥੇ ਵੋਟਰਾਂ ਦੀ ਗਿਣਤੀ 0.80 ਕਰੋੜ ਤੋਂ ਬਦਲ ਕੇ 0.71 ਕਰੋੜ ਹੋ ਗਈ ਅਤੇ ਅੰਤ ਵਿਚ 0.72 ਕਰੋੜ ‘ਤੇ ਆ ਕੇ ਰੁਕੀ। ਵੋਟਰਾਂ ਦੀ ਕੁੱਲ ਗਿਣਤੀ ਵਿਚ 0.08 ਕਰੋੜ ਜਾਂ 10.07 ਫੀਸਦੀ ਦੀ ਕਮੀ ਆਈ। ਅੰਤਿਮ ਸੂਚੀ ਵਿਚ ਸਿਰਫ਼ 0.0025 ਕਰੋੜ ਵੋਟਰ ਹੀ ਵਾਪਸ ਆਏ। ਮਨੀਪੁਰ ਵਿਚ ਵੀ ਤੀਜੇ ਪੜਾਅ ਤਹਿਤ ਐੱਸ.ਆਈ.ਆਰ. ਦਾ ਅਮਲ ਸ਼ੁਰੂ ਹੋਇਆ। ਵੋਟਰਾਂ ਦੀ ਗਿਣਤੀ 0.209 ਕਰੋੜ ਤੋਂ ਘੱਟ ਕੇ 0.193 ਕਰੋੜ ਰਹਿ ਗਈ। ਅੰਤਿਮ ਸੂਚੀ ਵਿਚ ਇਹ ਅੰਕੜਾ 0.196 ਕਰੋੜ ਰਿਹਾ। ਵੋਟਰਾਂ ਦੀ ਕੁੱਲ ਕਮੀ ਕਰੀਬ 0.013 ਕਰੋੜ ਜਾਂ 6.33 ਫੀਸਦੀ ਰਹੀ, ਜੋ ਪੰਜਾਬ ਦੇ ਬਰਾਬਰ ਹੈ। ਵਿਸ਼ੇਸ਼ ਸੁਧਾਈ ਦੇ ਦੂਜੇ ਪੜਾਅ ਤਹਿਤ ਗੋਆ ਵਿਚ ਵੋਟਰਾਂ ਦੀ ਗਿਣਤੀ 0.1185 ਕਰੋੜ ਤੋਂ ਘੱਟ ਕੇ 0.1085 ਕਰੋੜ ਰਹਿ ਗਈ, ਜੋ ਅੰਤਿਮ ਸੂਚੀ ਵਿਚ ਹੋਰ ਡਿੱਗ ਕੇ 0.1058 ਨੂੰ ਪਹੁੰਚ ਗਈ। ਯੂ.ਪੀ. ਅਸੈਂਬਲੀ ਦਾ ਕਾਰਜਕਾਲ ਅਗਲੇ ਸਾਲ 22 ਮਈ ਨੂੰ ਜਦੋਂਕਿ ਪੰਜਾਬ, ਮਨੀਪੁਰ, ਗੋਆ ਤੇ ਉੱਤਰਾਖੰਡ ਦਾ ਮਾਰਚ ਵਿਚ ਵੱਖ-ਵੱਖ ਤਰੀਕਾਂ ਨੂੰ ਖ਼ਤਮ ਹੋ ਰਿਹਾ ਹੈ।
ਐੱਸ.ਆਈ.ਆਰ. : ਪੰਜਾਬ ਸਮੇਤ 5 ਰਾਜਾਂ ‘ਚ ਵੋਟਰਾਂ ਦੀ ਗਿਣਤੀ 13.24 ਫੀਸਦੀ ਘਟੀ

