#AMERICA

ਐੱਫ.ਬੀ.ਆਈ. ਸੈਕਰਾਮੈਂਟੋ ਵੱਲੋਂ ਫਿਰੌਤੀ ਮੰਗਣ ਦੇ ਮਾਮਲਿਆਂ ‘ਚ ਭਾਰਤੀਆਂ ਸਮੇਤ ਆਮ ਲੋਕਾਂ ਨੂੰ ਅੱਗੇ ਆ ਕੇ ਰਿਪੋਰਟ ਲਿਖਵਾਉਣ ਦੀ ਅਪੀਲ

ਸੈਕਰਾਮੈਂਟੋ, 13 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ  ਸੈਕਰਾਮੈਂਟੋ ਖੇਤਰੀ ਦਫਤਰ ਨੇ ਇਕ ਜਨਤਕ ਬਿਆਨ ‘ਚ ਫਿਰੌਤੀ ਮਾਮਲੇ ਜੋ ਪਰਿਵਾਰਕ ਮੈਂਬਰਾਂ ਜਾਂ ਭਾਰਤੀ ਕਾਰੋਬਾਰੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ, ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਬਿਆਨ ਵਿਚ ਕਿਹਾ ਹੈ ਕਿ ਐੱਫ.ਬੀ.ਆਈ. ਦਾ ਖੇਤਰੀ  ਦਫਤਰ ਆਪਣੇ ਸਮੁੱਚੇ 34-ਕਾਊਂਟੀ ਖੇਤਰ ਵਿਚ ਅਨੇਕਾਂ ਮਾਮਲਿਆਂ ‘ਤੇ ਨਜ਼ਰ ਰੱਖ ਰਿਹਾ ਹੈ, ਜਿਨ੍ਹਾਂ ਮਾਮਲਿਆਂ ਵਿਚ ਲੋਕਾਂ ਨੂੰ ਫਿਰੌਤੀ ਲਈ ਨਿਸ਼ਾਨਾ ਬਣਾਇਆ ਗਿਆ ਹੈ ਤੇ ਅਜਿਹਾ ਨਾ ਕਰਨ ਦੀ ਹਾਲਤ ਵਿਚ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਅਪਰਾਧਿਕ ਕਾਰਵਾਈਆਂ ਬਾਰੇ ਪੁਲਿਸ ਕੋਲ ਕੋਈ ਰਿਪੋਰਟ ਨਹੀਂ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਐੱਫ.ਬੀ.ਆਈ. ਤੇ ਇਸ ਦੇ ਲਾਅ ਇਨਫੋਰਸਮੈਂਟ ਭਾਈਵਾਲ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਅੱਗੇ ਆਉਣ ਤੇ ਰਿਪੋਰਟ ਦਰਜ ਕਰਵਾਉਣ, ਤਾਂ ਕਿ ਉਹ ਲੋਕ ਜੋ ਇਹ ਕਥਿਤ ਅਪਰਾਧ ਕਰ ਰਹੇ ਹਨ, ਉਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ। ਐੱਫ.ਬੀ.ਆਈ. ਸੈਕਰਾਮੈਂਟੋ ਖੇਤਰੀ ਦਫਤਰ ਦੇ ਪ੍ਰਮੁੱਖ ਕਾਰਜਕਾਰੀ ਵਿਸ਼ੇਸ਼ ਏਜੰਟ ਮਾਰਕ ਰੇਮਿਲੀ ਨੇ ਕਿਹਾ ਹੈ ਕਿ ”ਅਸੀਂ ਆਪਣੇ ਭਾਰਤੀ ਮੂਲ ਦੇ ਵਿਅਕਤੀਆਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਦੀ ਸੁਰੱਖਿਆ ਤੇ ਆਰਥਿਕ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹਾਂ। ਅਪਰਾਧੀ ਮਿਹਨਤੀ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਉਨ੍ਹਾਂ ਕੋਲੋਂ ਫਿਰੌਤੀ ਵਸੂਲਣ ਲਈ ਠੱਗ ਕਿਸਮ ਦੇ ਢੰਗ ਤਰੀਕੇ ਅਪਣਾ ਰਹੇ ਹਨ, ਜੋ ਕਿ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ। ਅਜਿਹੇ ਮਾਮਲਿਆਂ ਦੀ ਸਮੇਂ ਸਿਰ ਰਿਪੋਰਟ ਕਰਨ ਨਾਲ ਇਨਫੋਰਮੈਂਟ ਏਜੰਸੀਆਂ ਦੀ ਮਦਦ ਹੋਵੇਗੀ, ਜੋ ਏਜੰਸੀਆਂ ਸਮੇਂ ਸਿਰ ਕਾਰਵਾਈ ਕਰਕੇ ਕਾਰੋਬਾਰੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਕਰ ਸਕਦੀਆਂ ਹਨ।” ਐੱਫ.ਬੀ.ਆਈ. ਨੇ ਹੋਰ ਕਿਹਾ ਹੈ ਕਿ ਹਾਲ ਹੀ ਵਿਚ ਫਿਰੌਤੀ ਲੈਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਇਨ੍ਹਾਂ ਮਾਮਲਿਆਂ ਵਿਚ ਵੱਡੀ ਰਕਮ ਮੰਗੀ ਗਈ ਹੈ ਤੇ ਅਜਿਹਾ ਨਾ ਕਰਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਬਿਆਨ ਵਿਚ ਕਿਹਾ ਹੈ ਕਿ ਜੇਕਰ ਕਿਸੇ ਨੂੰ ਫੌਰੀ ਖਤਰਾ ਹੋਵੇ, ਤਾਂ ਉਹ ਤੁੰਰਤ ਐੱਫ.ਬੀ.ਆਈ. ਨਾਲ ਸੰਪਰਕ ਕਰੇ ਜਾਂ 911 ‘ਤੇ ਫੋਨ ਕਰੇ।