ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਮੱਧਕਾਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀਆਂ ਕੰਪਨੀਆਂ ਟੈਸਲਾ ਅਤੇ ਸਪੇਸਐਕਸ ਨੂੰ ਵੱਡਾ ਝਟਕਾ ਲੱਗਾ ਹੈ। ਵੀਰਵਾਰ ਨੂੰ ਟੈਸਲਾ ਦੇ ਸ਼ੇਅਰ ਲਗਭਗ 9 ਫੀਸਦੀ ਅਤੇ ਸਪੇਸਐਕਸ ਦੇ ਸ਼ੇਅਰ 11 ਫੀਸਦੀ ਤੱਕ ਟੁੱਟ ਗਏ। ਇਸ ਕਾਰਨ ਦੋਵਾਂ ਕੰਪਨੀਆਂ ਦੀ ਸਾਂਝੀ ਮਾਰਕੀਟ ਵੈਲਿਊ ‘ਚ ਮੰਗਲਵਾਰ ਦੇ ਬੰਦ ਪੱਧਰ ਦੇ ਮੁਕਾਬਲੇ 420 ਅਰਬ ਡਾਲਰ ਤੋਂ ਜ਼ਿਆਦਾ ਦੀ ਗਿਰਾਵਟ ਆਈ। ਵੀਰਵਾਰ ਨੂੰ ਕਾਰੋਬਾਰ ਖਤਮ ਹੋਣ ਤੱਕ ਇਹ ਨੁਕਸਾਨ ਵਧ ਕੇ ਲੱਗਭਗ 456 ਅਰਬ ਡਾਲਰ ਪਹੁੰਚ ਗਿਆ।
ਫੋਰਬਸ ਮੁਤਾਬਕ, ਪਿਛਲੇ ਇਕ ਹਫ਼ਤੇ ‘ਚ ਮਸਕ ਦੀ ਦੌਲਤ ਲਗਭਗ 90 ਅਰਬ ਡਾਲਰ ਘੱਟ ਕੇ 800 ਅਰਬ ਡਾਲਰ ਤੋਂ ਹੇਠਾਂ ਆ ਗਈ ਹੈ। ਹਾਲਾਂਕਿ, ਉਹ ਹੁਣ ਵੀ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ। ਮਸਕ ਨੇ ਮੱਧਕਾਲੀ ਚੋਣਾਂ ‘ਚ ਰਿਪਬਲਿਕਨ ਉਮੀਦਵਾਰਾਂ ਅਤੇ ਸੰਗਠਨਾਂ ਨੂੰ 470 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਚੰਦਾ ਦਿੱਤਾ ਸੀ ਪਰ ਉਨ੍ਹਾਂ ਦੇ ਸਮਰਥਨ ਵਾਲੇ ਜ਼ਿਆਦਾਤਰ ਉਮੀਦਵਾਰ ਹਾਰ ਗਏ। ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਵਾਂ ‘ਚ ਕੰਟਰੋਲ ਹਾਸਲ ਕਰ ਲਿਆ।
ਨਿਵੇਸ਼ਕਾਂ ਨੂੰ ਖਦਸ਼ਾ ਹੈ ਕਿ ਚੋਣਾਂ ਤੋਂ ਬਾਅਦ ਮਸਕ ਦੀਆਂ ਕੰਪਨੀਆਂ ਨੂੰ ਕਾਂਗਰਸ ਦੀ ਜਾਂਚ ਅਤੇ ਸਖ਼ਤ ਰੈਗੂਲੇਟਰੀ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਸਲਾ ਅਤੇ ਸਪੇਸਐਕਸ ਟੈਕਸਾਸ ‘ਚ ਏ.ਆਈ. ਇਨਫ੍ਰਾਸਟ੍ਰਕਚਰ ਵਿਕਸਤ ਕਰ ਰਹੀਆਂ ਹਨ। ਦੋਵੇਂ ਕੰਪਨੀਆਂ ਇੱਥੇ ਟੈਰਾਫੈਬ ਨਾਂ ਤੋਂ ਵਿਸ਼ਾਲ ਡਾਟਾ ਸੈਂਟਰ ਅਤੇ ਸੈਮੀਕੰਡਕਟਰ ਫੈਕਟਰੀ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਸਪੇਸਐਕਸ ਸਟਾਰਬੇਸ ‘ਚ ਸੁਪਰਕੰਪਿਊਟਰ ਸਥਾਪਤ ਕਰਨਾ ਚਾਹੁੰਦੀ ਹੈ।
ਟੈਕਸਾਸ ‘ਚ ਡਾਟਾ ਸੈਂਟਰ ਨਿਰਮਾਣ ਦੇ ਨਿਯਮ ਸਖ਼ਤ ਹੋਣ ਨਾਲ ਸਪੇਸਐਕਸ ਦੀਆਂ ਪ੍ਰਾਜੈਕਟਾਂ ‘ਚ ਦੇਰੀ ਅਤੇ ਲਾਗਤ ਵਧਣ ਦਾ ਖਦਸ਼ਾ ਹੈ। ਉੱਥੇ ਹੀ, ਯੂਕਰੇਨ ‘ਚ ਸਟਾਰਲਿੰਕ ਦੀਆਂ ਫੌਜੀ ਸੇਵਾਵਾਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਵੀ ਜਾਂਚ ਦਾ ਦਬਾਅ ਵਧ ਸਕਦਾ ਹੈ। ਰੈਗੂਲੇਟਰੀ ਸਖ਼ਤੀ ਨਾਲ ਟੈਸਲਾ ਅਤੇ ਸਪੇਸਐਕਸ ਦੇ ਸੰਭਾਵੀ ਰਲੇਵੇਂ ਦੀ ਯੋਜਨਾ ਵੀ ਪ੍ਰਭਾਵਿਤ ਹੋ ਸਕਦੀ ਹੈ।
ਐਲਨ ਮਸਕ ਦੀਆਂ ਕੰਪਨੀਆਂ ਟੈਸਲਾ ਅਤੇ ਸਪੇਸਐਕਸ ਦੀ ਮਾਰਕੀਟ ਵੈਲਿਊ 456 ਅਰਬ ਡਾਲਰ ਘਟੀ

