#PUNJAB

ਈ.ਡੀ. ਵੱਲੋਂ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਗ੍ਰਿਫ਼ਤਾਰ

-ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ!
ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੋਕਟੈਰੋਟ (ਈ. ਡੀ.) ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਸੰਜੀਵ ਅਰੋੜਾ ਦੀ ਚੰਡੀਗੜ੍ਹ ਰਿਹਾਇਸ਼ ‘ਚ ਅੱਜ ਸਵੇਰੇ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਈ.ਡੀ. ਦੀਆਂ ਕਰੀਬ 8 ਗੱਡੀਆਂ ਮੰਤਰੀ ਅਰੋੜਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਖੜ੍ਹੀਆ ਨਜ਼ਰ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਕਈ ਘੰਟਿਆਂ ਤੱਕ ਚੱਲੀ ਤਲਾਸ਼ੀ ਅਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਈ.ਡੀ. ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਸੂਤਰਾਂ ਅਨੁਸਾਰ ਇਹ ਮਾਮਲਾ ਕਰੋੜਾਂ ਰੁਪਏ ਦੇ ਕਥਿਤ ਵਿੱਤੀ ਘੁਟਾਲੇ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੰਤਰੀ ਨੂੰ ਅਗਲੇਰੀ ਜਾਂਚ ਲਈ ਲਿਜਾਇਆ ਗਿਆ ਹੈ, ਜਦੋਂ ਕਿ ਇਸ ਕਾਰਵਾਈ ਤੋਂ ਬਾਅਦ ਸੂਬੇ ਦੀ ਸਿਆਸਤ ‘ਚ ਭਾਰੀ ਗਰਮਾ-ਗਰਮੀ ਦੇਖਣ ਨੂੰ ਮਿਲ ਰਹੀ ਹੈ।
ਈ.ਡੀ. ਵਲੋਂ ਕੀਤੀ ਗਈ ਅੱਜ ਦੀ ਇਹ ਕਾਰਵਾਈ ਮੰਤਰੀ ਅਰੋੜਾ ‘ਤੇ ਕੀਤੀ ਗਈ ਤੀਸਰੀ ਰੇਡ ਹੈ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਮੰਤਰੀ ਅਰੋੜਾ ‘ਤੇ 17 ਅਪ੍ਰੈਲ ਨੂੰ ਰੇਡ ਕੀਤੀ ਸੀ। ਈ.ਡੀ. ਨੇ ਜਾਂਚ ਲਈ ਉਨ੍ਹਾਂ ਦੀਆਂ ਕਈ ਰਿਹਾਇਸ਼ਾਂ ਅਤੇ ਵਪਾਰਕ ਸਥਾਨਾਂ ‘ਤੇ ਛਾਪੇਮਾਰੀ ਕੀਤੀ ਸੀ।
ਇਸ ਤਾਜ਼ਾ ਛਾਪੇਮਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਮੰਤਰੀ ਅਰੋੜਾ ਦੇ ਘਰ ਇਕ ਸਾਲ ‘ਚ ਤੀਸਰੀ ਵਾਰ ਅਤੇ ਇਕ ਮਹੀਨੇ ‘ਚ ਦੂਜੀ ਵਾਰ ਈ.ਡੀ. ਪਹੁੰਚੀ ਹੈ, ਜਿਸ ਅੱਗੇ ਪੰਜਾਬ ਨਹੀਂ ਝੁਕੇਗਾ।
ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸੇ ਦੌਰਾਨ ਉਨ੍ਹਾਂ ਦੇ ਇਕ ਹੋਰ ਅਤਿ-ਕਰੀਬੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੱਸਣਯੋਗ ਹਨ ਕਿ ਈ.ਡੀ. ਵੱਲੋਂ ਕੀਤੀ ਗਏ ਖੁਲਾਸਿਆਂ ਮੁਤਾਬਕ ਸੰਜੀਵ ਅਰੋੜਾ ‘ਤੇ ਆਪਣੀਆਂ ਫਰਮਾਂ ਰਾਹੀਂ ਮੋਬਾਈਲ ਫੋਨਾਂ ਦੀ ਲਗਭਗ 157.12 ਕਰੋੜ ਰੁਪਏ ਦੀ ਫਰਜ਼ੀ ਵਿਕਰੀ ਅਤੇ ਸ਼ੈੱਲ ਕੰਪਨੀਆਂ ਰਾਹੀਂ ਫਰਜ਼ੀ ਐਕਸਪੋਰਟ ਵਿਖਾਉਣ ਦੇ ਦੋਸ਼ ਹਨ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੁਬਈ ਤੋਂ ਭਾਰਤ ‘ਚ ਗੈਰ-ਕਾਨੂੰਨੀ ਪੈਸੇ ਦੀ ‘ਰਾਊਂਡ-ਟ੍ਰਿਪਿੰਗ’ ਲਈ ਇਨ੍ਹਾਂ ਫਰਜ਼ੀ ਐਕਸਪੋਰਟਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਫਰਜ਼ੀ ਜੀ.ਐੱਸ.ਟੀ. ਬਿੱਲਾਂ ਰਾਹੀਂ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾ ਕੇ ਨਿੱਜੀ ਲਾਭ ਕਮਾਇਆ ਗਿਆ।
ਇਸ ਮਾਮਲੇ ‘ਚ ਈ.ਡੀ. ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਸੰਜੀਵ ਅਰੋੜਾ ਨਾਲ ਜੁੜੀਆਂ ਸੰਸਥਾਵਾਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼ ਅਤੇ ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ‘ਚ ਸਥਿਤ ਅਚੱਲ ਜਾਇਦਾਦਾਂ ਨੂੰ ਅਸਥਾਈ ਤੌਰ ‘ਤੇ ਜ਼ਬਤ ਕਰ ਲਿਆ ਹੈ। ਇਹ ਕਾਰਵਾਈ ਫੇਮਾ ਅਤੇ ਇਨਕਮ ਟੈਕਸ ਐਕਟ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ। ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਸਿਆਸੀ ਮਾਹੌਲ ਗਰਮਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਸੰਜੀਵ ਅਰੋੜਾ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿੱਥੇ ਉਨ੍ਹਾਂ ‘ਤੇ ਸੱਟੇਬਾਜ਼ੀ ਸੰਚਾਲਕਾਂ ਨੂੰ ਸੁਰੱਖਿਆ ਦੇਣ ਅਤੇ ਮਨੀ ਲਾਂਡਰਿੰਗ ‘ਚ ਮਦਦ ਕਰਨ ਦੇ ਸ਼ੱਕ ਜਤਾਏ ਗਏ ਸਨ।