ਪੈਨਸਿਲਵੇਨੀਆ, 9 ਮਈ (ਪੰਜਾਬ ਮੇਲ)- ਅਮਰੀਕਾ ਦੇ ‘ਮਾਰਕਸ ਹੁੱਕ’ ਬੰਦਰਗਾਹ ‘ਤੇ ਇੱਕ ਭਾਰਤੀ ਮਰਚੈਂਟ ਨੇਵੀ ਅਫਸਰ ਦੇ ਰਹੱਸਮਈ ਢੰਗ ਨਾਲ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਉਸਦੇ ਪਰਿਵਾਰ ‘ਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਲਾਪਤਾ ਵਿਅਕਤੀ ਦੀ ਪਹਿਚਾਣ ਮਨੀਸ਼ ਦਵੇਦੀ ਵਜੋਂ ਹੋਈ ਹੈ, ਜੋ ਭਾਰਤ ਦਾ ਨਿਵਾਸੀ ਹੈ ਅਤੇ ਮਰਚੈਂਟ ਨੇਵੀ ਵਿਚ ਸੈਕੰਡ ਅਫਸਰ ਦੇ ਅਹੁਦੇ ‘ਤੇ ਤਾਇਨਾਤ ਸੀ।
ਜਾਣਕਾਰੀ ਮੁਤਾਬਕ ਮਨੀਸ਼ ਦਵੇਦੀ ”Sifnos Lady” ਨਾਮਕ ਜਹਾਜ਼ ‘ਤੇ ਡਿਊਟੀ ਕਰ ਰਿਹਾ ਸੀ। ਇਹ ਜਹਾਜ਼ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ‘ਮਾਰਕਸ ਹੁੱਕ’ ਪੋਰਟ ‘ਤੇ ਪਹੁੰਚਿਆ ਹੋਇਆ ਸੀ। 7 ਮਈ ਨੂੰ ਮਨੀਸ਼ ਆਪਣੇ ਕੁਝ ਹੋਰ ਸਾਥੀ ਕਰਮਚਾਰੀਆਂ ਨਾਲ ਜਹਾਜ਼ ਤੋਂ ਬਾਹਰ ਗਿਆ ਸੀ। ਇਸ ਦੌਰਾਨ ਕਿਸੇ ਗੈਰਕਾਨੂੰਨੀ ਗਤੀਵਿਧੀ ਦੇ ਸ਼ੱਕ ‘ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਬਾਅਦ ਵਿਚ ਪੁਲਿਸ ਵੱਲੋਂ ਉਸ ਨੂੰ ਇੱਕ ਸਾਈਟੇਸ਼ਨ ਜਾਰੀ ਕਰਕੇ ਅਤੇ ਅਗਲੀ ਅਦਾਲਤੀ ਪੇਸ਼ੀ ਦੇ ਹੁਕਮ ਦੇ ਕੇ ਰਿਹਾਅ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਦੇ ਹੋਰ ਸਾਥੀ ਵਾਪਸ ਜਹਾਜ਼ ‘ਤੇ ਚਲੇ ਗਏ ਸਨ, ਪਰ ਮਨੀਸ਼ ਨਾ ਤਾਂ ਜਹਾਜ਼ ‘ਤੇ ਵਾਪਸ ਆਇਆ ਅਤੇ ਨਾ ਹੀ ਉਸ ਨੇ ਕਿਸੇ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਜਹਾਜ਼ ਆਪਣੀ ਅਗਲੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਮਨੀਸ਼ ਦਾ ਮੋਬਾਈਲ ਫੋਨ ਲਗਾਤਾਰ ਬੰਦ ਆ ਰਿਹਾ ਹੈ ਅਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ।
ਪਰਿਵਾਰਕ ਮੈਂਬਰਾਂ ਮੁਤਾਬਕ ਮਨੀਸ਼ ਦੇ ਅਮਰੀਕਾ ਵਿਚ ਨਾ ਕੋਈ ਰਿਸ਼ਤੇਦਾਰ ਹਨ ਅਤੇ ਨਾ ਹੀ ਕੋਈ ਕਰੀਬੀ ਦੋਸਤ, ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ। ਸਥਾਨਕ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸਦੀ ਭਾਲ ਜਾਰੀ ਹੈ।
ਪਰਿਵਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਮਨੀਸ਼ ਦਵੇਦੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਜਾਂ ਉਹ ਕਿਤੇ ਨਜ਼ਰ ਆਉਂਦਾ ਹੈ, ਤਾਂ ਤੁਰੰਤ ਸਥਾਨਕ ਪੁਲਿਸ ਜਾਂ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਉਸਨੂੰ ਸੁਰੱਖਿਅਤ ਤਰੀਕੇ ਨਾਲ ਲੱਭਿਆ ਜਾ ਸਕੇ।
ਇਹ ਮਾਮਲਾ ਹੁਣ ਭਾਰਤੀ ਭਾਈਚਾਰੇ ਵਿਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕ ਮਨੀਸ਼ ਦੀ ਸੁਰੱਖਿਅਤ ਵਾਪਸੀ ਲਈ ਦੁਆ ਕਰ ਰਹੇ ਹਨ।
ਪੈਨਸਿਲਵੇਨੀਆ ਬੰਦਰਗਾਹ ਤੋਂ ਭਾਰਤੀ ਮਰਚੈਂਟ ਨੇਵੀ ਅਫਸਰ ਲਾਪਤਾ; ਪਰਿਵਾਰ ਚਿੰਤਤ

