#OTHERS

ਇਰਾਨ ਵੱਲੋਂ ਜਾਰਡਨ, ਬਹਿਰੀਨ, ਕੁਵੈਤ ਸਮੇਤ 21 ਥਾਂਈਂ ਹਮਲਾ

ਤਹਿਰਾਨ, 10 ਜੂਨ (ਪੰਜਾਬ ਮੇਲ)- ਮਿਡਲ ਈਸਟ ‘ਚ ਇਰਾਨ ਤੇ ਇਜ਼ਰਾਈਲ ਵੱਲੋਂ ਹਮਲੇ ਨਾ ਕਰਨ ਦਾ ਫ਼ੈਸਲਾ ਇਕ ਵਾਰ ਫ਼ਿਰ ਤੋਂ ਨਾਕਾਮ ਹੁੰਦਾ ਨਜ਼ਰ ਆ ਰਿਹਾ ਹੈ। ਇਰਾਨ ਦੇ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ’ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਿਡਲ ਈਸਟ ‘ਚ ਸਥਿਤ ਅਮਰੀਕਾ ਦੇ 21 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਦੌਰਾਨ ਅਮਰੀਕਾ ਦੇ ਐੱਫ-35 ਲੜਾਕੂ ਜਹਾਜ਼ਾਂ ਦੇ ਹੈਂਗਰਾਂ ਨੂੰ ਤਬਾਹ ਕਰਨ ਦਾ ਦਾਅਵਾ ਵੀ ਸ਼ਾਮਲ ਹੈ।
ਇਰਾਨੀ ਮੀਡੀਆ ਮੁਤਾਬਕ, ਆਈ.ਆਰ.ਜੀ.ਸੀ. ਨੇ ਜਾਰਡਨ ਵਿਚ ਸਥਿਤ ਅਮਰੀਕੀ ਫ਼ੌਜ ਦੇ ਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ‘ਅਲ-ਅਜ਼ਰਕ’ ਅਤੇ ‘ਮੁਵਾਫਾਕ ਸਾਲਤੀ’ ਹਵਾਈ ਅੱਡੇ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾ ਕੇ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਕੁਵੈਤ ਅਤੇ ਬਹਿਰੀਨ ਵਿਚ ਸਥਿਤ ਅਮਰੀਕੀ ਟਿਕਾਣਿਆਂ ‘ਤੇ ਵੀ ਧਮਾਕਿਆਂ ਦੀ ਖ਼ਬਰ ਮਿਲੀ ਹੈ।
ਆਈ.ਆਰ.ਜੀ.ਸੀ. ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਬਹਿਰੀਨ ‘ਚ ਸਥਿਤ ਅਮਰੀਕੀ ਜਲ ਸੈਨਾ ਦੇ 5ਵੇਂ ਬੇੜੇ ਦੇ ਮੁੱਖ ਦਫ਼ਤਰ ‘ਤੇ ਰਾਤ ਦੇ ਤੜਕੇ 2:30 ਵਜੇ ਡਰੋਨ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਰਾਨ ਨੇ ਕਿਹਾ ਕਿ ਇਹ ਕਾਰਵਾਈ ਅਮਰੀਕਾ ਵੱਲੋਂ ਦੱਖਣੀ ਇਰਾਨ ‘ਤੇ ਕੀਤੇ ਗਏ ਹਮਲਿਆਂ ਦੇ ਜਵਾਬ ‘ਚ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਵਿਚਾਲੇ ਇਹ ਤਾਜ਼ਾ ਤਣਾਅ ਉਦੋਂ ਸ਼ੁਰੂ ਹੋਇਆ, ਜਦੋਂ ਸਟ੍ਰੇਟ ਆਫ਼ ਹਾਰਮੁਜ਼ ‘ਤੇ ਨਿਗਰਾਨੀ ਗਸ਼ਤ ਕਰ ਰਹੇ ਅਮਰੀਕੀ ਫ਼ੌਜ ਦੇ ਇੱਕ ਆਧੁਨਿਕ ‘ਅਪਾਚੇ ਹੈਲੀਕਾਪਟਰ’ ਨੂੰ ਇਰਾਨ ਨੇ ਹਮਲਾ ਕਰਕੇ ਡੇਗ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਕਿ ਹੈਲੀਕਾਪਟਰ ‘ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਬਚ ਗਏ ਹਨ, ਪਰ ਅਮਰੀਕਾ ਇਸ ਹਮਲੇ ਦਾ ਸਖ਼ਤੀ ਨਾਲ ਜਵਾਬ ਦੇ ਕੇ ਬਦਲਾ ਜ਼ਰੂਰ ਲਵੇਗਾ ਤੇ ਉਨ੍ਹਾਂ ਨੇ ਇਰਾਨ ਦੇ ਦੱਖਣੀ ਇਲਾਕਿਆਂ ‘ਚ ਏਅਰਸਟ੍ਰਾਈਕ ਕਰਵਾ ਦਿੱਤੀ।
ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਅਮਰੀਕਾ ਨੂੰ ਖਾੜੀ ਖੇਤਰ ਛੱਡਣ ਦੀ ਚਿਤਾਵਨੀ ਦਿੱਤੀ ਹੈ।