ਵਾਸ਼ਿੰਗਟਨ, 11 ਨਵੰਬਰ (ਪੰਜਾਬ ਮੇਲ)- ਮਿਡਟਰਮ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਵੱਡੀ ਹਾਰ ਦੇ ਬਾਵਜੂਦ ਆਈਸ ਦੀਆਂ ਗ੍ਰਿਫ਼ਤਾਰੀਆਂ ਅਤੇ ਡਿਪੋਰਟੇਸ਼ਨ ਕਾਰਵਾਈਆਂ ਤੁਰੰਤ ਘਟਣ ਦੀ ਸੰਭਾਵਨਾ ਨਹੀਂ ਹੈ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਅਤੇ ਆਈਸ ਨੂੰ ਇਨਫੋਰਸਮੈਂਟ ਘਟਾਉਣ ਬਾਰੇ ਕੋਈ ਨਵਾਂ ਹੁਕਮ ਨਹੀਂ ਮਿਲਿਆ। ਇਸਦੇ ਉਲਟ, ਏਜੰਸੀ ਨੂੰ ਹਫ਼ਤੇ ਵਿਚ ਲਗਭਗ 19,000 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਟੀਚਾ ਦਿੱਤਾ ਗਿਆ ਹੈ। ਇਹ ਰੋਜ਼ਾਨਾ ਕਰੀਬ 2,700 ਗ੍ਰਿਫ਼ਤਾਰੀਆਂ ਬਣਦੀਆਂ ਹਨ। ਪਹਿਲਾਂ ਇਹ ਟੀਚਾ ਲਗਭਗ 2,000 ਪ੍ਰਤੀ ਦਿਨ ਸੀ।
ਸਟੀਫਨ ਮਿਲਰ ਨੂੰ ਵ੍ਹਾਈਟ ਹਾਊਸ ਦੇ ਚੀਫ਼ ਆਫ਼ ਸਟਾਫ਼ ਬਣਾਉਣਾ ਵੀ ਸਖ਼ਤ ਇਮੀਗ੍ਰੇਸ਼ਨ ਨੀਤੀ ਜਾਰੀ ਰਹਿਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਮਿਲਰ ਲੰਬੇ ਸਮੇਂ ਤੋਂ ਵੱਡੇ ਪੱਧਰ ਦੀ ਡਿਪੋਰਟੇਸ਼ਨ, ਹਿਰਾਸਤ ਵਧਾਉਣ ਅਤੇ ਲੀਗਲ ਇਮੀਗ੍ਰੇਸ਼ਨ ਨੂੰ ਸੀਮਤ ਕਰਨ ਵਾਲੀਆਂ ਨੀਤੀਆਂ ਦੇ ਸਮਰਥਕ ਰਹੇ ਹਨ।
ਜਨਵਰੀ ਵਿਚ ਡੈਮੋਕ੍ਰੈਟ ਹਾਊਸ ਅਤੇ ਸੈਨੇਟ ਦਾ ਕੰਟਰੋਲ ਸੰਭਾਲਣ ਤੋਂ ਬਾਅਦ ਆਈਸ ਉੱਤੇ ਸੁਣਵਾਈ, ਤਫ਼ਤੀਸ਼ ਅਤੇ ਗਵਾਹੀਆ ਰਾਹੀਂ ਦਬਾਅ ਪਾ ਸਕਦੇ ਹਨ। ਉਹ ਡਿਟੈਂਸ਼ਨ ਕੰਡੀਸ਼ਨਜ਼, ਗ੍ਰਿਫ਼ਤਾਰੀ ਤਰੀਕਿਆਂ, ਖਰਚੇ ਅਤੇ ਸਥਾਨਕ ਪੁਲਿਸ ਨਾਲ ਸਹਿਯੋਗ ਦੀ ਜਾਂਚ ਕਰ ਸਕਦੇ ਹਨ। ਪਰ ਆਈਸ ਨੂੰ 2029 ਤੱਕ ਵੱਡੀ ਫੈਡਰਲ ਫੰਡਿੰਗ ਪਹਿਲਾਂ ਹੀ ਮਿਲੀ ਹੋਈ ਹੈ। ਟਰੰਪ ਵੀ ਇਨਫੋਰਸਮੈਂਟ ਘਟਾਉਣ ਵਾਲੇ ਬਿੱਲਾਂ ਨੂੰ ਵੀਟੋ ਕਰ ਸਕਦੇ ਹਨ।
ਕੁਝ ਸ਼ਹਿਰ ਅਤੇ ਰਾਜ ਲੋਕਲ ਪੁਲਿਸ ਦਾ ਆਈਸ ਨਾਲ ਸਹਿਯੋਗ ਘਟਾ ਸਕਦੇ ਹਨ, ਪਰ ਇਸ ਨਾਲ ਫੈਡਰਲ ਏਜੰਟਾਂ ਦੀ ਆਪਣੀ ਕਾਰਵਾਈ ਬੰਦ ਨਹੀਂ ਹੁੰਦੀ। ਜਿਨ੍ਹਾਂ ਲੋਕਾਂ ਕੋਲ ਪੁਰਾਣਾ ਡਿਪੋਰਟੇਸ਼ਨ ਆਰਡਰ, ਆਈਸ ਚੈੱਕ-ਇਨ ਜਾਂ ਇਮੀਗ੍ਰੇਸ਼ਨ ਕੋਰਟ ਦੀ ਤਾਰੀਖ ਹੈ, ਉਹ ਅਪੁਆਇਟਮੈਂਟ ਨੂੰ ਨਜ਼ਰਅੰਦਾਜ਼ ਨਾ ਕਰਨ। ਆਪਣੇ ਦਸਤਾਵੇਜ਼ ਤਿਆਰ ਰੱਖਣ, ਪਰਿਵਾਰ ਲਈ ਐਮਰਜੈਂਸੀ ਪਲਾਨ ਬਣਾਉਣ ਅਤੇ ਯੋਗ ਵਕੀਲ ਤੋਂ ਆਪਣੇ ਅਧਿਕਾਰ ਸਮਝਣੇ ਮਹੱਤਵਪੂਰਨ ਹਨ।
ਵਧੇ ਹੋਏ ਟੀਚੇ ਨਾਲ ਡਿਟੈਂਸ਼ਨ ਸੈਂਟਰਾਂ, ਇਮੀਗ੍ਰੇਸ਼ਨ ਅਦਾਲਤਾਂ ਅਤੇ ਕਾਨੂੰਨੀ ਸਹਾਇਤਾ ਸਮੂਹਾਂ ਉੱਤੇ ਹੋਰ ਦਬਾਅ ਪੈ ਸਕਦਾ ਹੈ। ਇਹ ਟੀਚਾ ਅੰਦਰੂਨੀ ਹਦਾਇਤ ਹੈ; ਅਸਲ ਗ੍ਰਿਫ਼ਤਾਰੀਆਂ ਦੀ ਗਿਣਤੀ ਹਰ ਦਿਨ ਵੱਖ ਰਹੇਗੀ ਅਤੇ ਇਲਾਕੇ ਅਨੁਸਾਰ ਬਦਲੇਗੀ।
ਆਈਸ ਦੀਆਂ ਗ੍ਰਿਫਤਾਰੀਆਂ ਘਟਣ ਦੀ ਸੰਭਾਵਨਾ ਨਹੀਂ

