#CANADA

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ”ਸਿਰਜਨਾ ਦੇ ਆਰ ਪਾਰ” ਪ੍ਰੋਗਰਾਮ ‘ਚ ਡਾ. ਬਲਵਿੰਦਰ ਕੌਰ ਬਰਾੜ ਨਾਲ ਯਾਦਗਾਰੀ ਰੂਬਰੂ

– ਸਾਹਿਤਕ ਸਫ਼ਰ, ਜੀਵਨ ਅਨੁਭਵ ਅਤੇ ਨਾਰੀ ਚੇਤਨਾ ਦੇ ਵਿਭਿੰਨ ਪੱਖ
ਬਰੈਂਪਟਨ, 26 ਅਗਸਤ (ਰਮਿੰਦਰ ਵਾਲੀਆ/ਡਾ. ਪੁਸ਼ਵਿੰਦਰ ਖੋਖਰ/ ਪ੍ਰੋ. ਕੁਲਜੀਤ ਕੌਰ/ ਪੰਜਾਬ ਮੇਲ)- ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ‘ਸਿਰਜਣਾ ਦੇ ਆਰ-ਪਾਰ’ ਪ੍ਰੋਗਰਾਮ ਤਹਿਤ ਪ੍ਰੋ. ਕੁਲਜੀਤ ਕੌਰ ਵੱਲੋਂ ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰ, ਸੇਵਾਮੁਕਤ ਪ੍ਰੋਫੈਸਰ ਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਮੁਖੀ ਡਾ. ਬਲਵਿੰਦਰ ਕੌਰ ਬਰਾੜ ਨਾਲ ਵਿਸ਼ੇਸ਼ ਰੂਬਰੂ ਕਰਵਾਇਆ ਗਿਆ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਸੁਰਜੀਤ ਨੇ ਡਾ. ਬਲਵਿੰਦਰ ਕੌਰ ਬਰਾੜ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਤਾਂ ਪਹਿਲਾਂ ਹੀ ਪਾਠਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਚੁੱਕੀਆਂ ਹਨ, ਪਰ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਵਿਚਾਰ ਅਤੇ ਬੋਲ ਹੋਰ ਵੀ ਵੱਡੇ ਘੇਰੇ ਤੱਕ ਪਹੁੰਚੇ ਹਨ। ਰਮਿੰਦਰ ਰੰਮੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਦੀ ਜਾਣ-ਪਛਾਣ ਕਰਵਾਉਂਦਿਆਂ ਡਾ. ਬਰਾੜ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ”ਤੁਸੀਂ ਘਰ ਅਸਾਡੇ ਆਏ, ਅਸੀਂ ਫੁਲੇ ਨਹੀਂ ਸਮਾਏ” ਆਪ ਸਭ ਦੇ ਪਿਆਰ, ਸਾਥ ਤੇ ਸਹਿਯੋਗ ਸਦਕਾ ਹੀ ਇਹ ਸਫ਼ਲ ਪ੍ਰੋਗਰਾਮ ਹੋ ਰਹੇ ਹਨ। ਰੂਬਰੂ ਦਾ ਆਗਾਜ਼ ਕਰਦਿਆਂ ਪ੍ਰੋ. ਕੁਲਜੀਤ ਕੌਰ ਨੇ ਡਾ. ਬਲਵਿੰਦਰ ਕੌਰ ਬਰਾੜ ਦੇ ਅਨੁਸ਼ਾਸਨ, ਸੰਘਰਸ਼ਮਈ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ 38 ਸਾਲ ਅਧਿਆਪਨ ਦੇ ਖੇਤਰ ਵਿਚ ਸੇਵਾ ਨਿਭਾਈ ਅਤੇ ਲਗਭਗ 20 ਪੁਸਤਕਾਂ ਦੀ ਰਚਨਾ ਕੀਤੀ।
ਗੱਲਬਾਤ ਦੌਰਾਨ ਡਾ. ਬਰਾੜ ਨੇ ਪੰਜਾਬੀ ਯੂਨੀਵਰਸਿਟੀ ਵਿਚ ਆਪਣੇ ਅਧਿਐਨ ਅਤੇ ਅਧਿਆਪਨ ਦੇ ਦੌਰ ਨੂੰ ਵੀ ਯਾਦ ਕੀਤਾ। ਪੰਜਾਬ ਦੇ ਕਾਲੇ ਦੌਰ ਦੌਰਾਨ ਨੌਜਵਾਨਾਂ ਅਤੇ ਵਿਦਿਆਰਥੀਆਂ ‘ਤੇ ਹੋਏ ਜ਼ੁਲਮ ਅਤੇ ਮਾਵਾਂ ਵੱਲੋਂ ਸਹੇ ਮਾਨਸਿਕ ਸੰਤਾਪ ਨੇ ਉਨ੍ਹਾਂ ਦੀ ਸੰਵੇਦਨਾ ਨੂੰ ਡੂੰਘਾ ਪ੍ਰਭਾਵਿਤ ਕੀਤਾ। ਇਹੀ ਅਨੁਭਵ ਬਾਅਦ ਵਿਚ ਉਨ੍ਹਾਂ ਦੀ ਗਲਪ ਰਚਨਾ ਦਾ ਮਹੱਤਵਪੂਰਨ ਆਧਾਰ ਬਣੇ।
ਇਹ ਵਰਨਣਯੋਗ ਹੈ ਕਿ ਡਾ. ਬਲਵਿੰਦਰ ਕੌਰ ਬਰਾੜ ਨੇ ਨਾਵਲ, ਕਹਾਣੀ ਅਤੇ ਵਾਰਤਕ ਤਿੰਨਾਂ ਖੇਤਰਾਂ ਵਿਚ ਆਪਣੀ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੇ ਨਾਵਲਾਂ ਵਿਚ ‘ਹਭੇ ਸਾਕ ਕੂੜਾਵੇ’ ਅਤੇ ‘ਅੰਗੂਠੇ ਦੇ ਨਿਸ਼ਾਨ’ ਸ਼ਾਮਲ ਹਨ, ਜਦਕਿ ਕਹਾਣੀ-ਸੰਗ੍ਰਹਿਆਂ ਵਿਚ ‘ਮਿੱਟੀ ਨਾ ਫਰੋਲ ਜੋਗੀਆ’, ‘ਜੱਗ ਵਿਚ ਸੀਰ’, ‘ਖੁਰਦੇ ਪੱਤਣ’, ‘ਤਲੀ ‘ਤੇ ਉੱਗਿਆ ਫੁੱਲ’, ‘ਰੁੱਤ ਫਿਰੀ ਵਣ ਕੰਬਿਆ’ ਅਤੇ ‘ਉੱਚੇ ਬੁਰਜ’ ਵਰਗੀਆਂ ਰਚਨਾਵਾਂ ਦਰਜ ਹਨ। ਇਸ ਤੋਂ ਇਲਾਵਾ ‘ਮਨ ਦਾ ਕੋਨਾ’ ਅਤੇ ‘ਓਹ ਵੇਲਾ ਯਾਦ ਕਰ’ ਉਨ੍ਹਾਂ ਦੀਆਂ ਵਾਰਤਕ ਪੁਸਤਕਾਂ ਹਨ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਡਾ. ਬਰਾੜ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਇਹ ਰੂਬਰੂ ਇੱਕ ਸਿਤਾਰੇ ਨੂੰ ਮਿਲਣ ਵਰਗਾ ਅਨੁਭਵ ਰਿਹਾ। ਉਨ੍ਹਾਂ ਪ੍ਰੋ. ਕੁਲਜੀਤ ਕੌਰ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੀ ਸਹਿਜ, ਸੰਵੇਦਨਸ਼ੀਲ ਅਤੇ ਸੁਚੱਜੀ ਸੰਵਾਦ-ਸ਼ੈਲੀ ਰਾਹੀਂ ਡਾ. ਬਲਵਿੰਦਰ ਕੌਰ ਬਰਾੜ ਦੀ ਬਹੁਪੱਖੀ ਸਾਹਿਤਕ ਸ਼ਖ਼ਸੀਅਤ ਨੂੰ ਸਰੋਤਿਆਂ ਸਾਹਮਣੇ ਉਜਾਗਰ ਕੀਤਾ। ਰਮਿੰਦਰ ਰਮੀ ਨੇ ਵੀ ਪ੍ਰੋ. ਕੁਲਜੀਤ ਕੌਰ ਦੀ ਸਹਿਜਤਾ ਅਤੇ ਡਾ. ਬਰਾੜ ਦੇ ਵਿਦਵਤਾ ਭਰੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ। ਬਹੁਤ ਸਾਰੇ ਮੈਂਬਰਜ਼ ਨੇ ਵੀ ਮੈਡਮ ਬਰਾੜ ਨਾਲ ਵਿਚਾਰਾਂ ਪ੍ਰਬੰਧਕੀ ਟੀਮ ਮੈਂਬਰ ਰਿੰਟੂ ਭਾਟੀਆ, ਡਾ. ਨਵਰੂਪ ਕੌਰ, ਡਾ. ਨਵਜੋਤ ਕੌਰ, ਡਾ. ਬਲਜੀਤ ਕੌਰ ਰਿਆੜ, ਸਤਿੰਦਰ ਕੌਰ ਕਾਹਲੋਂ, ਪ੍ਰੋ. ਪਵਨ ਖਿੱਚੀ, ਅਜੈਬ ਸਿੰਘ ਚੱਠਾ, ਕੁਸਮ ਧੀਮਾਨ, ਰਵਿੰਦਰ ਸਿੰਘ ਕੰਗ, ਅੰਜੂ ਗਰੋਵਰ ਤੇ ਪਰਮਜੀਤ ਸਿੰਘ ਢਿੱਲੋਂ ਨੇ ਵੀ ਬਹੁਮੁੱਲੇ ਵਿਚਾਰ ਸਾਂਝੇ ਕੀਤੇ।
ਸਮੁੱਚੇ ਰੂਪ ਵਿਚ ਇਹ ਰੂਬਰੂ ਸਾਹਿਤ, ਜੀਵਨ, ਨਾਰੀ ਚੇਤਨਾ, ਪਰਵਾਸ ਅਤੇ ਮਨੁੱਖੀ ਸੰਵੇਦਨਾਵਾਂ ਦੇ ਅਨੇਕਾਂ ਪੱਖਾਂ ਨੂੰ ਛੂੰਹਦਾ ਹੋਇਆ ਇੱਕ ਯਾਦਗਾਰੀ ਅਤੇ ਪ੍ਰੇਰਨਾਮਈ ਸਾਹਿਤਕ ਸਮਾਗਮ ਹੋ ਨਿੱਬੜਿਆ।