#AMERICA

ਅਮਰੀਕੀ ਲੋਕਾਂ ਦੀ ਸੇਵਾ ਕਰਨ ਲਈ ਕਦੀ ਵੀ ਚੈਨ ਨਾਲ ਨਹੀਂ ਬੈਠਾਂਗਾ : ਜੇ.ਡੀ. ਵੈਂਸ

ਉੱਪ ਰਾਸ਼ਟਰਪਤੀ ਵੱਲੋਂ ਆਪਣੀ ਭਾਰਤੀ ਮੂਲ ਦੀ ਪਤਨੀ; ਟਰੰਪ ਤੇ ਅਮਰੀਕੀ ਲੋਕਾਂ ਦਾ ਧੰਨਵਾਦ
ਸੈਕਰਾਮੈਂਟੋ, 13 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਉੱਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਚੋਣਾਂ ਦੌਰਾਨ ਆਪਣੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੂਕੁਰੀ ਵੈਂਸ ਵੱਲੋਂ ਮਿਲੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਐਕਸ ਉਪਰ ਪਾਏ ਇਕ ਸੁਨੇਹੇ ਵਿਚ ਕਿਹਾ ਹੈ ਕਿ ਮੈਂ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਨਾਲ ਆਪਣੀ ਚੋਣ ਮੁਹਿੰਮ ਦੌਰਾਨ ਪਤਨੀ ਊਸ਼ਾ ਚਿਲੂਕੁਰੀ ਵੱਲੋਂ ਮਿਲੇ ਬੇਮਿਸਾਲ ਅਟੱਲ ਸਮਰਥਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਕਿਹਾ, ”ਮੇਰੀ ਜਿੱਤ ਸੰਭਵ ਬਣਾਉਣ ਲਈ ਮੇਰੀ ਸੁੰਦਰ ਪਤਨੀ ਦਾ ਧੰਨਵਾਦ”। ਉਨ੍ਹਾਂ ਨੇ ਉੱਪ ਰਾਸ਼ਟਰਪਤੀ ਵਜੋਂ ਦੇਸ਼ ਦੀ ਸੇਵਾ ਕਰਨ ਲਈ ਮੌਕਾ ਦੇਣ ਵਾਸਤੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ ਹੈ। ਵੈਂਸ ਨੇ ਆਪਣੇ ਵਿਚ ਭਰੋਸਾ ਪ੍ਰਗਟਾਉਣ ਲਈ ਅਮਰੀਕੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੈਂ ਤੁਹਾਡੇ ਲਈ ਸੰਘਰਸ਼ ਕਰਨ ਵਾਸਤੇ ਕਦੀ ਵੀ ਚੈਨ ਨਾਲ ਨਹੀਂ ਬੈਠਾਂਗਾ। ਇਥੇ ਜ਼ਿਕਰਯੋਗ ਹੈ ਕਿ ਚੋਣ ਜਿੱਤਣ ਉਪਰੰਤ ਫਲੋਰਿਡਾ ‘ਚ ਆਪਣੇ ਸੰਬੋਧਨ ਦੌਰਾਨ ਟਰੰਪ ਨੇ ਜੇ.ਡੀ. ਵੈਂਸ ਤੇ ਉਨ੍ਹਾਂ ਦੀ ਪਤਨੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਨੇ ਮੰਚ ਤੋਂ ਪਹਿਲੀ ਵਾਰੀ ਜੇ.ਡੀ. ਵੈਂਸ ਦਾ ਹਵਾਲਾ ਉੱਪ ਰਾਸ਼ਟਰਪਤੀ ਵਜੋਂ ਦਿੱਤਾ, ਵੈਂਸ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਤੀਜੇ ਅਮਰੀਕਾ ਦੇ ਇਤਿਹਾਸ ਵਿਚ ਰਾਜਸੀ ਵਾਪਸੀ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀ ਅਗਵਾਈ ‘ਚ ਅਸੀਂ ਤੁਹਾਡੇ ਸੁਪਨਿਆਂ ਦੀ ਪੂਰਤੀ ਲਈ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਤੇ ਇਸ ਵਾਸਤੇ ਨਿਰੰਤਰ ਸੰਘਰਸ਼ ਕਰਾਂਗੇ।