ਵਾਸ਼ਿੰਗਟਨ, 6 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੀ (ਪੰਜਾਬਣ) ਨਿੱਕੀ ਹੇਲੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ। ਨਿੱਕੀ ਹੈਲੀ ਅਮਰੀਕਾ ਦੀ ਸਾਬਕਾ ਅੰਬੈਸਡਰ ਅਤੇ ਨੌਰਥ ਕੈਰੋਲੀਨਾ ਦੀ ਸਾਬਕਾ ਪਹਿਲੀ ਮਹਿਲਾ ਗਵਰਨਰ ਰਹਿ ਚੁੱਕੀ ਹੈ।
‘ਦਿ ਵਾਲ ਸਟਰੀਟ ਜਰਨਲ’ ਵੱਲੋਂ ਜਾਰੀ ਕੀਤੇ ਤਾਜ਼ਾ ਪੋਲ ‘ਚ ਖੁਲਾਸਾ ਹੋਇਆ ਹੈ ਕਿ 51 ਸਾਲਾ ਨਿੱਕੀ ਹੇਲੀ, ਟਰੰਪ ਅਤੇ ਰੌਨ ਡੀਸੈਂਟਿਸ ਤੋਂ ਬਾਅਦ ਪ੍ਰਸਿੱਧੀ ਦੇ ਮਾਮਲੇ ‘ਚ ਤੀਜੇ ਸਥਾਨ ‘ਤੇ ਹਨ, ਜਦਕਿ ਉਨ੍ਹਾਂ ਦੇ ਸਹਿਯੋਗੀ ਭਾਰਤੀ ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਚੌਥੇ ਸਥਾਨ ‘ਤੇ ਹਨ। ਹੇਲੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ”ਮੈਨੂੰ ਨਹੀਂ ਲੱਗਦਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਮੀਦਵਾਰ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸ ਵਾਰ ਮੈਂ ਹਾਂ ਪਰ ਤੁਹਾਨੂੰ ਦੱਸਦਿਆਂ ਕਿ ਜੋਅ ਬਾਇਡਨ ਅਤੇ ਕਮਲਾ ਹੈਰਿਸ ਜੋ ਕਰ ਰਹੇ ਹਨ, ਉਸ ਤੋਂ ਬਿਹਤਰ ਕੋਈ ਵੀ ਰਿਪਬਲਿਕਨ ਨੇਤਾ ਵੀ ਕਰ ਸਕਦਾ ਹੈ।