#AMERICA

ਅਮਰੀਕੀ ਡਾਕ ਸੇਵਾ (ਯੂ.ਐੱਸ.ਪੀ.ਐੱਸ.) ਵੱਲੋਂ ਦੀਵਾਲੀ ਮੌਕੇ ‘ਡਾਕ ਟਿਕਟ’ ਜਾਰੀ

ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ)- ਅਮਰੀਕੀ ਡਾਕ ਸੇਵਾ (ਯੂ.ਐੱਸ.ਪੀ.ਐੱਸ.) ਨੇ ਦੀਵਾਲੀ ਮੌਕੇ ਇਕ ਡਾਕ ਟਿਕਟ ਜਾਰੀ ਕੀਤਾ ਹੈ, ਜਿਸ ‘ਤੇ ਹਿਊਸਟਨ ਦੀ ਕਲਾਕਾਰ ਸੰਗੀਤਾ ਭੂਟਾਡਾ ਦੁਆਰਾ ਬਣਾਈ ਗਈ ਇੱਕ ਬਰੀਕ ਅਤੇ ਮਨਮੋਹਕ ਰੰਗੋਲੀ ਦੀ ਆਕ੍ਰਿਤੀ ਹੈ। ਅਮਰੀਕਾ ਵਿਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ, ਯੂ.ਐੱਸ.ਪੀ.ਐੱਸ. ਦੀ ਸੀਨੀਅਰ ਉਪ-ਪ੍ਰਧਾਨ ਸ਼ਿਬਾਨੀ ਗੰਭੀਰ ਅਤੇ ਭੂਟਾਡਾ ਨੇ ਇੱਥੇ ਭਾਰਤੀ ਦੂਤਾਵਾਸ ਵਿਚ ਆਯੋਜਿਤ ਇੱਕ ਸਮਾਰੋਹ ਵਿਚ ਡਾਕ ਟਿਕਟ ਦਾ ਉਦਘਾਟਨ ਕੀਤਾ।
ਯੂ.ਐੱਸ.ਪੀ.ਐੱਸ. ਨੇ ਰੰਗੋਲੀ ਨੂੰ ਇੱਕ ਫਰਸ਼ ਪੈਟਰਨ ਵਜੋਂ ਦਰਸਾਇਆ ਹੈ, ਜੋ ਰਵਾਇਤੀ ਤੌਰ ‘ਤੇ ਰੰਗੀਨ ਚੌਲਾਂ ਦੇ ਪਾਊਡਰ, ਚਾਕ ਅਤੇ ਫੁੱਲਾਂ ਦੀਆਂ ਪੱਤੀਆਂ ਵਰਗੀਆਂ ਸਮੱਗਰੀਆਂ ਨਾਲ ਬਣਾਇਆ ਜਾਂਦਾ ਹੈ। ਰੰਗੋਲੀ ਨੂੰ ਚੰਗੀ ਕਿਸਮਤ ਲਿਆਉਣ ਵਾਲੀ ਮੰਨਿਆ ਜਾਂਦਾ ਹੈ। ਭੂਟਾਡਾ, ਮੂਲ ਰੂਪ ਵਿਚ ਭਾਰਤ ਤੋਂ ਹੈ ਅਤੇ ਹਿਊਸਟਨ ਖੇਤਰ ਦੇ ਲੰਬੇ ਸਮੇਂ ਤੋਂ ਨਿਵਾਸੀ ਹੈ, ਲਗਭਗ 30 ਸਾਲਾਂ ਤੋਂ ਰੰਗੋਲੀ ਦੀ ਪ੍ਰਾਚੀਨ ਲੋਕ ਕਲਾ ਦਾ ਅਭਿਆਸ ਕਰ ਰਹੀ ਹੈ। ਜੈਨੀਫਰ ਆਰਨੋਲਡ ਨੇ ਇਸ ਡਾਕ ਟਿਕਟ ਡਿਜ਼ਾਈਨ ਕੀਤੀ, ਜਦੋਂ ਕਿ ਵਿਲੀਅਮ ਜੇ. ਗਿਕਰ ਨੇ ਕਲਾ ਨਿਰਦੇਸ਼ਕ ਵਜੋਂ ਸੇਵਾ ਨਿਭਾਈ।
ਭੂਟਾਡਾ ਨੇ ਦੱਸਿਆ ਕਿ ਯੂ.ਐੱਸ.ਪੀ.ਐੱਸ. ਨੇ ਡਾਕ ਟਿਕਟ ਬਣਾਉਣ ਬਾਰੇ ਉਸ ਨਾਲ ਸੰਪਰਕ ਕੀਤਾ। ਉਸਨੇ ਕਿਹਾ, ”ਮੈਂ ਯੂ.ਐੱਸ.ਪੀ.ਐੱਸ. ਨੂੰ ਇੱਕ ਦਰਜਨ ਸਕੈਚ ਭੇਜੇ, ਜਿਸ ਵਿਚੋਂ ਉਨ੍ਹਾਂ ਨੇ ਚਾਰ ਚੁਣੇ। ਰੰਗੋਲੀ ਨੂੰ ਅਸਲ ਬਣਾਉਣ ਵਿਚ ਲਗਭਗ 10 ਦਿਨ ਲੱਗੇ। ਮੈਨੂੰ ਸਿਰਫ ਇੱਕੋ ਇੱਕ ਸੁਝਾਅ ਦਿੱਤਾ ਗਿਆ ਸੀ ਕਿ ਚਮਕਦਾਰ ਰੰਗਾਂ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਉਹ ਸਟੈਂਪ ‘ਤੇ ਬਿਹਤਰ ਢੰਗ ਨਾਲ ਦਿਖਾਈ ਦੇਵੇ।” ਅਸਲ ਰੰਗੋਲੀ ਅੱਠ ਫੁੱਟ ਵਿਆਸ ਦੀ ਸੀ। ਚਿੱਟੇ ਤੋਂ ਇਲਾਵਾ, ਇਸ ਵਿਚ ਨੀਲੇ, ਸੰਤਰੀ, ਹਰੇ ਅਤੇ ਲਾਲ ਵਰਗੇ ਚਮਕਦਾਰ ਰੰਗਾਂ ਦੀ ਵਰਤੋਂ ਕੀਤੀ ਗਈ ਸੀ। ਇਹ ਦੂਜੀ ਵਾਰ ਹੈ, ਜਦੋਂ ਯੂ.ਐੱਸ.ਪੀ.ਐੱਸ. ਨੇ ਦੀਵਾਲੀ ਦੇ ਮੌਕੇ ‘ਤੇ ਸਟੈਂਪ ਜਾਰੀ ਕੀਤਾ ਹੈ। ਇਸ ਤੋਂ ਪਿਛਲਾ ਡਾਕ ਟਿਕਟ 2016 ਵਿਚ ਜਾਰੀ ਕੀਤਾ ਗਿਆ ਸੀ। ਗੰਭੀਰ ਨੇ ਕਿਹਾ, ”1893 ਤੋਂ, ਯੂ.ਐੱਸ.ਪੀ.ਐੱਸ. ਨੇ ਦੁਨੀਆਂ ਭਰ ਦੀਆਂ ਸੱਭਿਆਚਾਰਾਂ ਦਾ ਸਨਮਾਨ ਕਰਨ ਵਾਲੀਆਂ ਸਟੈਂਪ ਜਾਰੀ ਕੀਤੀਆਂ ਹਨ। ਸਾਡੇ ਸਟੈਂਪ ਇੱਕ ਅਜਿਹੀ ਤਸਵੀਰ ਬੁਣਨ ਵਿਚ ਮਦਦ ਕਰਦੇ ਹਨ, ਜੋ ਅਮਰੀਕਾ ਦੀ ਅਮੀਰ ਅਤੇ ਵਿਭਿੰਨ ਵਿਰਾਸਤ ਨੂੰ ਦਰਸਾਉਂਦੀ ਹੈ, ਵੱਖ-ਵੱਖ ਸੱਭਿਆਚਾਰਾਂ ਨੂੰ ਇਕੱਠਾ ਕਰਦੀ ਹੈ।” ਸਮਾਰੋਹ ਨੂੰ ਸੰਬੋਧਨ ਕਰਦੇ ਹੋਏ, ਕਵਾਤਰਾ ਨੇ ਭੂਟਾਡਾ ਦਾ ਆਪਣੀਆਂ ਸ਼ਾਨਦਾਰ ਰੰਗੋਲੀ ਕਲਾਕ੍ਰਿਤੀਆਂ ਰਾਹੀਂ ਇਸ ਪ੍ਰਾਚੀਨ ਪ੍ਰੰਪਰਾ ਨੂੰ ਜ਼ਿੰਦਾ ਰੱਖਣ ਲਈ ਧੰਨਵਾਦ ਕੀਤਾ।