#INDIA

ਅਮਰੀਕਾ ਵੱਲੋਂ ਭਾਰਤ ਦੇ ਸਵੈ-ਰੱਖਿਆ ਦੇ ਅਧਿਕਾਰ ਦਾ ਸਮਰਥਨ

ਨਵੀਂ ਦਿੱਲੀ, 3 ਮਈ (ਪੰਜਾਬ ਮੇਲ)- ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਆਪਣੇ ਬਚਾਅ ਦੇ ਸਹੀ ਅਧਿਕਾਰ ਅਤੇ ਅੱਤਵਾਦ ਵਿਰੁੱਧ ਲੜਾਈ ਦਾ ਸਮਰਥਨ ਕਰਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਟੈਲੀਫੋਨ ਉਤੇ ਗੱਲਬਾਤ ਕੀਤੀ।
ਰਾਜਨਾਥ ਸਿੰਘ ਨੇ ਹੈਗਸੇਥ ਨੂੰ ਦੱਸਿਆ ਕਿ ਪਾਕਿਸਤਾਨ ਨੂੰ ਇੱਕ ”ਮਾੜੇ” ਮੁਲਕ ਵਜੋਂ ”ਬੇਪਰਦ” ਕੀਤਾ ਗਿਆ ਹੈ, ਜੋ ਆਲਮੀ ਦਹਿਸ਼ਤਗਰਦੀ ਨੂੰ ਹਵਾ ਦਿੰਦਾ ਹੈ ਅਤੇ ਖੇਤਰ ਨੂੰ ”ਅਸਥਿਰ” ਕਰਦਾ ਹੈ। ਇੱਕ ਅਧਿਕਾਰਤ ਜਾਣਕਾਰੀ ਦੇ ਅਨੁਸਾਰ, ਰੱਖਿਆ ਮੰਤਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਦੁਨੀਆਂ ਹੁਣ ਅੱਤਵਾਦ ਵੱਲ ”ਅੱਖਾਂ ਬੰਦ” ਕਰਕੇ ਨਹੀਂ ਬੈਠ ਸਕਦੀ।
ਰੱਖਿਆ ਮੰਤਰੀ ਦੇ ਦਫਤਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਦੱਸਿਆ ਕਿ ਹੈਗਸੇਥ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਇਕਮੁੱਠਤਾ ਵਿਚ ਖੜ੍ਹਾ ਹੈ ਅਤੇ ਭਾਰਤ ਦੇ ਆਪਣੇ ਸਵੈ-ਰੱਖਿਆ ਦੇ ਅਧਿਕਾਰ ਦੀ ਹਮਾਇਤ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ, ”ਉਨ੍ਹਾਂ ਨੇ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਵਿਚ ਅਮਰੀਕੀ ਸਰਕਾਰ ਦੇ ਮਜ਼ਬੂਤ ਸਮਰਥਨ ਦੇ ਭਰੋਸੇ ਨੂੰ ਦੁਹਰਾਇਆ।”
ਰੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਰੀਡਆਊਟ ਵਿਚ ਕਿਹਾ ਗਿਆ ਹੈ, ”ਰੱਖਿਆ ਮੰਤਰੀ ਨੇ ਅਮਰੀਕੀ ਰੱਖਿਆ ਮੰਤਰੀ ਨੂੰ ਦੱਸਿਆ ਕਿ ਪਾਕਿਸਤਾਨ ਦਾ ਅੱਤਵਾਦੀ ਸੰਗਠਨਾਂ ਦਾ ਸਮਰਥਨ, ਸਿਖਲਾਈ ਅਤੇ ਫੰਡਿੰਗ ਕਰਨ ਦਾ ਪੁਰਾਣਾ ਇਤਿਹਾਸ ਰਿਹਾ ਹੈ।”