-ਅਮਰੀਕੀ ਦੂਤਾਵਾਸ ਨੂੰ ਇਸ ਸਾਲ ਵੀਜ਼ਿਆਂ ਦੀ ਗਿਣਤੀ ਵਧਣ ਦਾ ਅਨੁਮਾਨ
ਨਵੀਂ ਦਿਲੀ, 14 ਜੂਨ (ਪੰਜਾਬ ਮੇਲ)- ਪਿਛਲੇ ਸਾਲ ਰਿਕਾਰਡ 1,40,000 ਵਿਦਿਆਰਥੀਆਂ ਨੂੰ ਵੀਜ਼ੇ ਜਾਰੀ ਕਰਨ ਮਗਰੋਂ ਭਾਰਤ ਸਥਿਤ ਅਮਰੀਕੀ ਕੌਂਸਲੇਟ ਇਸ ਸਾਲ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਵੀਜ਼ਿਆਂ ਦੀ ਅਨੁਮਾਨਤ ਕੁੱਲ ਗਿਣਤੀ ਪਿਛਲੇ ਸਾਲ ਦੇ ਬਰਾਬਰ ਜਾਂ ਉਸ ਤੋਂ ਵੱਧ ਹੋਵੇਗੀ। ਭਾਰਤ ‘ਚ ਅਮਰੀਕੀ ਮਿਸ਼ਨ ਨੇ ਅੱਜ ਦੇਸ਼ ਭਰ ‘ਚ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਤਹਿਤ ਨਵੀਂ ਦਿੱਲੀ, ਚੇਨੱਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿਚਲੇ ਕੌਂਸਲੇਟ ਦੂਤਾਵਾਸ ਅਧਿਕਾਰੀਆਂ ਨੇ ਵਿਦਿਆਰਥੀ ਵੀਜ਼ੇ ਦੇ ਅਰਜ਼ੀਕਾਰਾਂ ਨਾਲ ਇੰਟਰਵਿਊਜ਼ ਕੀਤੀਆਂ। ਦਿੱਲੀ ਸਥਿਤ ਅਮਰੀਕੀ ਦੂਤਾਵਾਸ ‘ਚ ਸਵੇਰ ਤੋਂ ਹੀ ਵਿਦਿਆਰਥੀਆਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਅਮਰੀਕੀ ਯੂਨੀਵਰਸਿਟੀਆਂ ‘ਚ ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ ਅਤੇ ਪਿਛਲੇ ਸਾਲ ਭਾਰਤ ‘ਚ ਅਮਰੀਕੀ ਕੌਂਸਲੇਟ ਨੇ 1,40,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ, ਜੋ ਕਿਸੇ ਵੀ ਹੋਰ ਮੁਲਕ ਮੁਕਾਬਲੇ ਵੱਧ ਸਨ।
ਅਮਰੀਕੀ ਦੂਤਾਵਾਸ ਦੇ ਕਾਰਜਕਾਰੀ ਕੌਂਸਲ ਜਨਰਲ ਸਯਦ ਮੁਜਤਬਾ ਅੰਦਰਾਬੀ ਨੇ ਦੱਸਿਆ ਕਿ ਅਨੁਮਾਨ ਹੈ ਕਿ ਅੱਜ ਤਕਰੀਬਨ ਚਾਰ ਹਜ਼ਾਰ ਵਿਦਿਆਰਥੀਆਂ ਦੀ ਇੰਟਰਵਿਊ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੀਜ਼ੇ ਉਨ੍ਹਾਂ ਦੀਆਂ ਤਰਜੀਹਾਂ ‘ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿੱਦਿਅਕ ਆਦਾਨ-ਪ੍ਰਦਾਨ ਇਸ ਪ੍ਰਸ਼ਾਸਨ ਤੇ ਉਨ੍ਹਾਂ ਦੇ ਮਿਸ਼ਨ ਦੀ ਸਭ ਤੋਂ ਵੱਡੀਆਂ ਤਰਜੀਹਾਂ ‘ਚੋਂ ਇੱਕ ਹੈ।