#AMERICA

ਅਮਰੀਕਾ ਵੱਲੋਂ ਈਰਾਨ ‘ਚ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ

ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਸਟੇਟ ਡਿਪਾਰਟਮੈਂਟ ਨੇ ਈਰਾਨ ਵਿਚ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਇਹ ਐਡਵਾਈਜ਼ਰੀ ਈਰਾਨ ਵੱਲੋਂ ਆਪਣਾ ਹਵਾਈ ਖੇਤਰ ਅੰਸ਼ਕ ਤੌਰ ‘ਤੇ ਦੁਬਾਰਾ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਜਾਰੀ ਕੀਤੀ ਗਈ ਹੈ। ਸਟੇਟ ਡਿਪਾਰਟਮੈਂਟ ਦੇ ਕੌਂਸਲਰ ਮਾਮਲਿਆਂ ਦੇ ਬਿਊਰੋ ਨੇ ਸੋਸ਼ਲ ਮੀਡੀਆ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਸਥਾਨਕ ਮੀਡੀਆ ‘ਤੇ ਨਜ਼ਰ ਰੱਖਣ ਅਤੇ ਉਡਾਣਾਂ ਦੀ ਜਾਣਕਾਰੀ ਲਈ ਵਪਾਰਕ ਏਅਰਲਾਈਨਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਸਰਕਾਰੀ ਹਦਾਇਤਾਂ ਅਨੁਸਾਰ ਅਮਰੀਕੀ ਨਾਗਰਿਕ ਹਵਾਈ ਰਸਤੇ ਤੋਂ ਇਲਾਵਾ ਅਰਮੀਨੀਆ, ਅਜ਼ਰਬਾਈਜਾਨ, ਤੁਰਕੀ ਅਤੇ ਤੁਰਕਮੇਨਿਸਤਾਨ ਰਾਹੀਂ ਜ਼ਮੀਨੀ ਰਸਤੇ ਰਾਹੀਂ ਵੀ ਈਰਾਨ ਤੋਂ ਬਾਹਰ ਜਾ ਸਕਦੇ ਹਨ। ਹਾਲਾਂਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ, ਇਰਾਕ ਜਾਂ ਪਾਕਿਸਤਾਨ-ਈਰਾਨ ਸਰਹੱਦੀ ਖੇਤਰਾਂ ਵੱਲ ਯਾਤਰਾ ਕਰਨ ਵਿਰੁੱਧ ਸਖ਼ਤ ਚੇਤਾਵਨੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਦੀ ਸ਼ੁਰੂਆਤ ਤੋਂ ਬਾਅਦ ਈਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਈਰਾਨ ਦੇ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਅਧਿਕਾਰੀਆਂ ਅਨੁਸਾਰ, ਦੇਸ਼ ਦੇ ਹਵਾਈ ਖੇਤਰ ਨੂੰ ਹੁਣ ਚਾਰ ਪੜਾਵਾਂ ਵਿਚ ਖੋਲ੍ਹਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਅੰਤਰਰਾਸ਼ਟਰੀ ਉਡਾਣਾਂ ਲਈ ਪੂਰਬੀ ਹਵਾਈ ਖੇਤਰ ਖੋਲ੍ਹ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ।
ਦੂਜੇ ਪਾਸੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਈਰਾਨ ਨਾਲ ਜੰਗਬੰਦੀ ਨੂੰ ਵਧਾ ਦਿੱਤਾ ਹੈ, ਪਰ ਨਾਲ ਹੀ ਸਖ਼ਤ ਸਮੁੰਦਰੀ ਨਾਕਾਬੰਦੀ ਵੀ ਜਾਰੀ ਰੱਖੀ ਹੋਈ ਹੈ। ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਗੱਲਬਾਤ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ ਅਤੇ ਤੇਹਰਾਨ ‘ਤੇ ਆਰਥਿਕ ਦਬਾਅ ਬਣਾ ਕੇ ਰੱਖਿਆ ਜਾਵੇਗਾ। ਅਮਰੀਕੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਫਿਲਹਾਲ ਆਪਣੀ ਰਣਨੀਤੀ ‘ਚ ਕੋਈ ਢਿੱਲ ਦੇਣ ਦੇ ਮੂਡ ਵਿਚ ਨਹੀਂ ਹਨ।