#OTHERS

ਈਰਾਨ ਵੱਲੋਂ ਹੋਰਮੁਜ਼ ਜਲਡਮਰੂ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਤੋਂ ‘ਟੋਲ ਟੈਕਸ’ ਵਸੂਲਣਾ ਸ਼ੁਰੂ

ਤਹਿਰਾਨ, 23 ਅਪ੍ਰੈਲ (ਪੰਜਾਬ ਮੇਲ)- ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਚੇਤਾਵਨੀਆਂ ਨੂੰ ਦਰਕਿਨਾਰ ਕਰਦਿਆਂ ਹੋਰਮੁਜ਼ ਜਲਡਮਰੂ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਤੋਂ ਪਹਿਲਾ ਟੋਲ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਕਦਮ ਨਾਲ ਜਿੱਥੇ ਖੇਤਰ ਵਿਚ ਤਣਾਅ ਵਧਣ ਦਾ ਖ਼ਦਸ਼ਾ ਹੈ, ਉੱਥੇ ਹੀ ਵਿਸ਼ਵ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਈਰਾਨੀ ਸੰਸਦ ਦੇ ਦੂਜੇ ਉਪ ਪ੍ਰਧਾਨ ਹਾਮਿਦ ਰੇਜ਼ਾ ਹਾਜੀਬਾਬਾਈ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਗਈ ਹੈ ਕਿ ਈਰਾਨ ਨੇ ਵਪਾਰਕ ਜਹਾਜ਼ਾਂ ਤੋਂ ਮਾਲੀਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਟੋਲ ਰਾਹੀਂ ਇਕੱਠੀ ਕੀਤੀ ਗਈ ਪਹਿਲੀ ਰਾਸ਼ੀ ਸੈਂਟਰਲ ਬੈਂਕ ਦੇ ਖਾਤੇ ਵਿਚ ਜਮ੍ਹਾ ਕਰ ਦਿੱਤੀ ਗਈ ਹੈ। ਈਰਾਨ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪ੍ਰਤੀ ਬੈਰਲ ‘ਤੇ ਨਵੀਂ ਫੀਸ ਲਾਗੂ ਕੀਤੀ ਹੈ। ਈਰਾਨ ਨੇ ਅਜੇ ਤੱਕ ਉਸ ਜਹਾਜ਼ ਜਾਂ ਦੇਸ਼ ਦਾ ਨਾਮ ਨਸ਼ਰ ਨਹੀਂ ਕੀਤਾ ਹੈ, ਜਿਸ ਤੋਂ ਪਹਿਲਾ ਟੋਲ ਵਸੂਲਿਆ ਗਿਆ ਹੈ। ਫਿਲਹਾਲ, ਇਸ ਫੈਸਲੇ ਨੇ ਪੂਰੀ ਦੁਨੀਆ ਵਿਚ ਖਲਬਲੀ ਮਚਾ ਦਿੱਤੀ ਹੈ। ਮਾਹਿਰਾਂ ਅਨੁਸਾਰ ਇਸ ਕਦਮ ਨਾਲ ਇਹ ਰਣਨੀਤਕ ਜਲਮਾਰਗ ਹੁਣ ਇੱਕ ”ਤੇਹਰਾਨ ਟੋਲ ਬੂਥ” ਵਿਚ ਬਦਲ ਗਿਆ ਹੈ, ਜਿਸ ਨਾਲ ਈਰਾਨ ਨੂੰ ਸਾਲਾਨਾ 70 ਤੋਂ 80 ਅਰਬ ਡਾਲਰ ਦੀ ਕਮਾਈ ਹੋਣ ਦਾ ਅਨੁਮਾਨ ਹੈ।
ਹੋਰਮੁਜ਼ ਸਟ੍ਰੇਟ ਦੁਨੀਆਂ ਦਾ ਸਭ ਤੋਂ ਮਹੱਤਵਪੂਰਨ ਜਲਮਾਰਗ ਹੈ, ਜਿੱਥੋਂ ਵਿਸ਼ਵ ਦੇ ਕੁੱਲ ਕੱਚੇ ਤੇਲ ਦਾ ਲਗਭਗ 20% ਤੋਂ 30% ਹਿੱਸਾ ਗੁਜ਼ਰਦਾ ਹੈ। ਰਿਪੋਰਟਾਂ ਮੁਤਾਬਕ ਈਰਾਨ ਹਰ ਤੇਲ ਟੈਂਕਰ ਤੋਂ ਲਗਭਗ 16-17 ਕਰੋੜ ਰੁਪਏ (ਭਾਰਤੀ ਰੁਪਏ) ਵਸੂਲ ਸਕਦਾ ਹੈ। ਇਸ ਟੋਲ ਕਾਰਨ ਤੇਲ ਦੀ ਕੀਮਤ ਵਿਚ ਪ੍ਰਤੀ ਬੈਰਲ ਇੱਕ ਡਾਲਰ ਦਾ ਵਾਧਾ ਹੋ ਸਕਦਾ ਹੈ। ਤੇਲ ਦੀ ਢੋਆ-ਢੁਆਈ ਅਤੇ ਬੀਮਾ ਖ਼ਰਚ ਵਧਣ ਨਾਲ ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈਣੀ ਤੈਅ ਹੈ।
ਈਰਾਨ ਦਾ ਦਾਅਵਾ ਹੈ ਕਿ ਉਹ ਇਸ ਖੇਤਰ ਨੂੰ ਕੰਟਰੋਲ ਕਰਦਾ ਹੈ, ਇਸ ਲਈ ਵਿਦੇਸ਼ੀ ਜਹਾਜ਼ਾਂ ਨੂੰ ‘ਸੁਰੱਖਿਆ ਫੀਸ’ ਦੇਣੀ ਪਵੇਗੀ। ਹਾਲਾਂਕਿ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ (UNCLOS) ਦੀ ਉਲੰਘਣਾ ਦੱਸਿਆ ਹੈ, ਜਿਸ ਤਹਿਤ ਹੋਰਮੁਜ਼ ਇੱਕ ਅੰਤਰਰਾਸ਼ਟਰੀ ਜਲਮਾਰਗ ਹੈ ਅਤੇ ਇੱਥੇ ਸਾਰੇ ਜਹਾਜ਼ਾਂ ਨੂੰ ‘ਸ਼ਾਂਤੀਪੂਰਨ ਲੰਘਣ’ ਦਾ ਅਧਿਕਾਰ ਹੈ।
ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਵਾਸ਼ਿੰਗਟਨ ਆਪਣੀ ਘੇਰਾਬੰਦੀ ਖ਼ਤਮ ਨਹੀਂ ਕਰਦਾ, ਉਹ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਈਰਾਨ ਨੇ ਇਸੇ ਜਲਮਾਰਗ ਵਿਚ ਤਿੰਨ ਕੰਟੇਨਰ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਆਪਣੀ ਸਖ਼ਤ ਨੀਤੀ ਦਾ ਸੰਕੇਤ ਦਿੱਤਾ ਸੀ। ਫਿਲਹਾਲ, ਸੱਤ ਹਫ਼ਤਿਆਂ ਤੋਂ ਚੱਲ ਰਹੇ ਇਸ ਟਕਰਾਅ ਕਾਰਨ ਅੰਤਰਰਾਸ਼ਟਰੀ ਵਪਾਰਕ ਜਗਤ ਵਿਚ ਅਨਿਸ਼ਚਿਤਤਾ ਦਾ ਮਾਹੌਲ ਹੈ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੀ ਸ਼ਾਂਤੀ ਵਾਰਤਾ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਕੋਈ ਵਿਚਾਲੇ ਦਾ ਰਸਤਾ ਨਿਕਲਦਾ ਹੈ ਜਾਂ ਨਹੀਂ।