#AMERICA

ਅਮਰੀਕਾ ਦੇ ਸ਼ਹਿਰ ਮਿਆਮੀ ਬੀਚ ‘ਚ ਹਿੰਸਾ ਤੋਂ ਬਾਅਦ ਕਰਫ਼ਿਊ ਤੇ ਹੰਗਾਮੀ ਸਥਿਤੀ ਦਾ ਐਲਾਨ

ਸੈਕਰਾਮੈਂਟੋ, 21 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ਰਾਜ ਦੇ ਸ਼ਹਿਰ ਮਿਆਮੀ ਬੀਚ ‘ਚ ਉਤੋੜਿਤੀ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਤੋਂ ਬਾਅਦ ਵੱਡੀ ਪੱਧਰ ਉਪਰ ਬੇਕਾਬੂ ਹੋਈ ਭੀੜ ‘ਤੇ ਕਾਬੂ ਪਾਉਣ ਲਈ ਹੰਗਾਮੀ ਸਥਿਤੀ ‘ਤੇ ਕਰਫ਼ਿਊ ਲਾ ਦੇਣ ਦੀ ਰਿਪੋਰਟ ਹੈ। ਸ਼ਹਿਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੀਆਂ ਦੋ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਅਤੇ ਵੱਡੀ ਪੱਧਰ ਉਪਰ ਲੋਕਾਂ ਦੀ ਭੀੜ ਦੇ ਖਤਰਨਾਕ ਤੇ ਗੈਰਕਾਨੂੰਨੀ ਵਿਵਹਾਰ ਦੇ ਮੱਦੇਨਜ਼ਰ ਸਿਟੀ ਆਫ ਮਿਆਮੀ ਬੀਚ ਨੇ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਹੈ ਤੇ ਕਰਫ਼ਿਊ ਲਾ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸਿਟੀ ਮੈਨੇਜਰ ਵੱਲੋਂ 23 ਮਾਰਚ ਤੋਂ ਹੋਰ ਪਾਬੰਦੀਆਂ ਲਾਉਣ ਦੀ ਵੀ ਯੋਜਨਾ ਹੈ। ਸੇਂਟ ਪੈਟਰਿਕ ਦਿਵਸ ਉਤਸਵ ਤੇ ਸਪਿਰੰਗ ਬਰੇਕ ਜਸ਼ਨਾਂ ਦੌਰਾਨ ਹੋਈਆਂ ਗੋਲੀਬਾਰੀ ਦੀਆਂ ਦੋ ਘਟਨਾਵਾਂ ਜਿਨ੍ਹਾਂ ਵਿਚ ਦੋ ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ ਸਨ, ਤੋਂ ਬਾਅਦ ਸ਼ਹਿਰ ਦੇ ਪ੍ਰਸਿੱਧ ਦੱਖਣੀ ਬੀਚ ਖੇਤਰ ‘ਚ ਹਿੰਸਾ ਭੜਕ ਪਈ ਸੀ, ਜਿਸ ਕਾਰਨ ਇਹਤਿਆਤ ਵਜੋਂ ਕਰਫ਼ਿਊ ਲਾਇਆ ਗਿਆ ਹੈ।

Leave a comment