#AMERICA

ਅਮਰੀਕਾ ‘ਚ Football ਚੈਂਪੀਅਨਸ਼ਿੱਪ ਜੇਤੂ ਪਰੇਡ ਦੌਰਾਨ ਹੋਈ ਗੋਲੀਬਾਰੀ ਮਾਮਲੇ ‘ਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ

ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ‘ਚ ਕਨਸਾਸ ਸਿਟੀ ਚੀਫਸ ਦੀ ਸੁਪਰ ਬਾਊਲ (ਫੁੱਟਬਾਲ ਚੈਂਪੀਅਨਸ਼ਿੱਪ) ਜਿੱਤ ਉਪਰੰਤ ਕੱਢੀ ਪਰੇਡ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ਵਿਚ 2 ਨਬਾਲਗਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਸੀ ਤੇ 11 ਬੱਚਿਆਂ ਸਮੇਤ 25 ਤੋਂ ਵਧ ਲੋਕ ਜ਼ਖਮੀ ਹੋ ਗਏ ਸਨ। ਜੁਵੇਨਾਈਲ ਦਫਤਰ ਅਨੁਸਾਰ ਫਿਲਹਾਲ ਨਬਾਲਗਾਂ ਵਿਰੁੱਧ ਹੱਥਿਆਰਾਂ ਤੇ ਗ੍ਰਿਫਤਾਰੀ ਸਮੇਂ ਵਿਰੋਧ ਕਰਨ ਸਬੰਧੀ ਦੋਸ਼ ਆਇਦ ਕੀਤੇ ਗਏ ਹਨ ਤੇ ਕਨਸਾਸ ਸਿਟੀ ਪੁਲਿਸ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਉਪਰੰਤ ਹੋਰ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ। ਨਬਾਲਗਾਂ ਨੂੰ ਜੁਵੇਨਾਈਲ ਡੀਟੈਨਸ਼ਨ ਸੈਂਟਰ ‘ਚ ਰੱਖਿਆ ਗਿਆ ਹੈ। ਜ਼ਖਮੀਆਂ ਵਿਚੋਂ 19 ਜਣਿਆਂ ਦੇ ਗੋਲੀਆਂ ਵੱਜਣ ਦੀ ਪੁਸ਼ਟੀ ਹੋਈ ਹੈ, ਜਦਕਿ ਕੁਝ ਲੋਕ ਗੋਲੀਬਾਰੀ ਸਮੇਂ ਮਚੀ ਭਗਦੜ ਕਾਰਨ ਜ਼ਖਮੀ ਹੋਏ ਹਨ।