#AMERICA

ਅਮਰੀਕਾ ‘ਚ ਮੁੜ ਨਾਈਟ੍ਰੋਜਨ ਗੈਸ ਨਾਲ ਸਜ਼ਾ-ਏ-ਮੌਤ ਦੇਣ ਦੀ ਤਿਆਰੀ

ਅਲਬਾਮਾ (ਅਮਰੀਕਾ), 22 ਫਰਵਰੀ (ਪੰਜਾਬ ਮੇਲ)-ਅਮਰੀਕੀ ਸੂਬੇ ਅਲਬਾਮਾ ‘ਚ ਮੌਤ ਦੀ ਸਜ਼ਾ ਦੇ ਇਕ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਸਜ਼ਾ ਪੂਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬੇ ਵਿਚ ਮੌਤ ਦੀ ਸਜ਼ਾ ਦੇਣ ਲਈ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਨ ਦਾ ਪਹਿਲਾ ਮਾਮਲਾ ਇਕ ਮਹੀਨਾ ਪਹਿਲਾਂ ਹੀ ਸਾਹਮਣੇ ਆਇਆ ਸੀ ਅਤੇ ਇਸ ਪ੍ਰਕਿਰਿਆ ਨਾਲ ਮੌਤ ਦੀ ਸਜ਼ਾ ਦੇਣ ਲਈ ਕਾਫੀ ਆਲੋਚਨਾ ਵੀ ਹੋਈ ਸੀ। ਅਲਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਦੇ ਦਫ਼ਤਰ ਨੇ ਬੁੱਧਵਾਰ ਨੂੰ ਅਲਬਾਮਾ ਸੁਪਰੀਮ ਕੋਰਟ ਨੂੰ ਦੋਸ਼ੀ ਕਾਤਲ ਐਲਨ ਯੂਜੀਨ ਮਿਲਰ ਲਈ ਸਜ਼ਾ ਦੀ ਤਾਰੀਖ਼ ਨਿਰਧਾਰਿਤ ਕਰਨ ਦੀ ਬੇਨਤੀ ਕੀਤੀ।
ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਮਿਲਰ ਨੂੰ ਨਾਈਟ੍ਰੋਜਨ ਹਾਈਪੌਕਸੀਆ ਰਾਹੀਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮਿਲਰ (59) ਨੂੰ 1999 ਵਿਚ ਬਰਮਿੰਘਮ ਵਿਚ 3 ਲੋਕਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਦੀ ਤਾਰੀਖ਼ ਤੈਅ ਕਰਨ ਦੀ ਮੰਗ ਅਜਿਹੇ ਸਮੇਂ ਕੀਤੀ ਜਾ ਰਹੀ ਹੈ, ਜਦੋਂ ਸੂਬੇ ਵਿਚ ਇਸ ਤਰ੍ਹਾਂ ਸਜ਼ਾ-ਏ-ਮੌਤ ਦੇਣ ਨੂੰ ਲੈ ਕੇ ਵੱਖ-ਵੱਖ ਰਾਏ ਪ੍ਰਗਟਾਈ ਜਾ ਰਹੀ ਹੈ। ਦਰਅਸਲ 25 ਜਨਵਰੀ ਨੂੰ ਪਹਿਲੀ ਵਾਰ ਕੈਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਜ਼ਰੀਏ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸਮਿਥ ਨੂੰ ਕਈ ਮਿੰਟਾਂ ਤੱਕ ਝਟਕੇ ਲੱਗਦੇ ਰਹੇ ਅਤੇ ਉਹ ਤੜਫ ਰਿਹਾ ਸੀ।
ਅਟਾਰਨੀ ਜਨਰਲ ਸਟੀਵ ਮਾਰਸ਼ਲ ਦੇ ਦਫ਼ਤਰ ਨੇ ਕਿਹਾ ਕਿ ਇਹ ਤਰੀਕਾ ਢੁਕਵਾਂ ਹੈ ਅਤੇ ਕਿਹਾ ਕਿ ਰਾਜ ਭਵਿੱਖ ਵਿਚ ਵੀ ਮੌਤ ਦੀ ਸਜ਼ਾ ਲਈ ਨਾਈਟ੍ਰੋਜਨ ਗੈਸ ਦੀ ਵਰਤੋਂ ਕਰੇਗਾ। ਉਨ੍ਹਾਂ ਨੇ ਸਮਿਥ ਨੂੰ ਸਜ਼ਾ ਦਿੱਤੇ ਜਾਣ ਦੇ ਅਗਲੇ ਦਿਨ ਹੋਰ ਰਾਜਾਂ ਨੂੰ ਵੀ ਇਸੇ ਤਰੀਕੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਪਰ ਮੌਤ ਦੀ ਸਜ਼ਾ ਪ੍ਰਾਪਤ ਇਕ ਹੋਰ ਦੋਸ਼ੀ ਵੱਲੋਂ ਦਾਇਰ ਮੁਕੱਦਮੇ ਵਿਚ ਨਾਈਟ੍ਰੋਜਨ ਗੈਸ ਦੀ ਵਰਤੋਂ ਬੰਦ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ‘ਮਨੁੱਖਾਂ ‘ਤੇ ਕੀਤੇ ਗਏ ਪ੍ਰਯੋਗ’ ਵਾਂਗ ਹੈ ਅਤੇ ਇਸ ਨੂੰ ਸਫ਼ਲ ਨਹੀਂ ਮੰਨਿਆ ਜਾ ਸਕਦਾ। ਪਟੀਸ਼ਨ ਵਿਚ ਕਿਹਾ ਗਿਆ ਹੈ, ”ਪਹਿਲੇ ਮਨੁੱਖੀ ਪ੍ਰਯੋਗ ਦੇ ਨਤੀਜੇ ਹੁਣ ਆ ਗਏ ਹਨ ਅਤੇ ਇਹ ਦਰਸਾਉਂਦੇ ਹਨ ਕਿ ਨਾਈਟ੍ਰੋਜਨ ਗੈਸ ਨਾ ਤਾਂ ਜਲਦੀ ਦਮ ਘੁੱਟਦਾ ਹੈ ਅਤੇ ਨਾ ਹੀ ਇਹ ਪ੍ਰਕਿਰਿਆ ਦਰਦ ਰਹਿਤ ਹੁੰਦੀ ਹੈ, ਸਗੋਂ ਇਹ ਵਧੇਰੇ ਦਰਦਨਾਕ ਅਤੇ ਦੁਖ਼ਦਾਈ ਹੈ।”