-12 ਕਿਲੋ ਹੈਰੋਇਨ ਸਣੇ 1 ਕਾਬੂ
ਚੰਡੀਗੜ੍ਹ/ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਮੇਲ)- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ। ਪੰਜਾਬ ਪੁਲਿਸ ਨੇ ਇਕ ਵਿਅਕਤੀ ਦੇ ਕਬਜ਼ੇ ਵਿਚੋਂ 12 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਅਮਰੀਕਾ ਆਧਾਰਿਤ ਤਸਕਰ ਸਰਵਣ ਸਿੰਘ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਸਰਵਣ ਸਿੰਘ ਜਿਸ ਦੀ ਗ੍ਰਿਫਤਾਰੀ ‘ਤੇ 2 ਲੱਖ ਰੁਪਏ ਦਾ ਇਨਾਮ ਹੈ, ਨਾਮੀ ਨਸ਼ਾ ਤਸਕਰ ਰਣਜੀਤ ਉਰਫ ਚੀਤਾ ਦਾ ਭਰਾ ਹੈ ਅਤੇ 532 ਕਿਲੋ ਹੈਰੋਇਨ ਦੇ ਮਾਮਲੇ ‘ਚ ਲੋੜੀਂਦਾ ਹੈ। ਜ਼ਿਕਰਯੋਗ ਹੈ ਕਿ ਰਣਜੀਤ ਉਰਫ ਚੀਤਾ ਨੂੰ ਵੀ 532 ਕਿਲੋ ਹੈਰੋਇਨ ਦੇ ਮਾਮਲੇ ‘ਚ ਮਈ 2020 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਰਣਜੀਤ ਚੀਤਾ ਜੁਲਾਈ 2019 ਵਿਚ ਆਈ.ਸੀ.ਪੀ. ਅਟਾਰੀ ਵਿਖੇ ਕਸਟਮ ਵਿਭਾਗ ਦੁਆਰਾ ਜ਼ਬਤ ਕੀਤੀ ਗਈ ਹੈਰੋਇਨ ਦੇ 532 ਪੈਕੇਟ ਦੀ ਤਸਕਰੀ ਦਾ ਮਾਸਟਰਮਾਈਂਡ ਸੀ ਅਤੇ ਜਿਸ ਦੀ ਐੱਨ.ਆਈ.ਏ. ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਨਸ਼ਾ ਤਸਕਰ ਦੀ ਪਛਾਣ ਅੰਮ੍ਰਿਤਸਰ ਦੇ ਨਰਾਇਣਗੜ੍ਹ ਦੇ ਵਾਸੀ ਰਾਹੁਲ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸ ਦੀ ਹੌਂਡਾ ਅਮੇਜ਼ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿਚ ਉਹ ਸਫ਼ਰ ਕਰ ਰਿਹਾ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਜਾਣਕਾਰੀ ਮਿਲਣ ਉਪਰੰਤ ਸਰਵਣ ਸਿੰਘ ਦੇ ਸਾਥੀਆਂ ਨੇ ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਇਸ ਨੂੰ ਕਿਸੇ ਹੋਰ ਵਿਅਕਤੀ ਨੂੰ ਪਹੁੰਚਾਉਣ ਜਾ ਰਹੇ ਹਨ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਅੰਮ੍ਰਿਤਸਰ ਨੇ ਸ਼ਹਿਰ ਦੇ ਖੇਤਰ ਵਿਚ ਇਕ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਦੋਸ਼ੀ ਰਾਹੁਲ ਨੂੰ ਉਸ ਦੀ ਹੌਂਡਾ ਅਮੇਜ਼ ਕਾਰ ਵਿਚੋਂ 12 ਪੈਕੇਟ ਹੈਰੋਇਨ, ਜਿਨ੍ਹਾਂ ਦਾ ਵਜ਼ਨ 1-1 ਕਿਲੋ ਹੈ, ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਦੋਸ਼ੀ ਵਿਅਕਤੀ ਸਿੱਧੇ ਤੌਰ ‘ਤੇ ਅਮਰੀਕਾ ਆਧਾਰਿਤ ਤਸਕਰ ਸਰਵਣ ਸਿੰਘ ਦੇ ਸੰਪਰਕ ਵਿਚ ਸੀ ਅਤੇ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਕਰਕੇ ਸੂਬੇ ਭਰ ਵਿਚ ਸਪਲਾਈ ਕਰਦਾ ਸੀ। ਹੋਰ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮਾਂ ਦੇ ਅਗਲੇ ਤੇ ਪਿਛਲੇ ਸਬੰਧਾਂ ਬਾਰੇ ਪਤਾ ਲਗਾਉਣ ਅਤੇ ਡਰੱਗ ਸਪਲਾਇਰਾਂ, ਡੀਲਰਾਂ ਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵੱਲੋਂ ਹੁਣ ਤੱਕ ਖਰੀਦੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਐੱਨ.ਡੀ.ਪੀ.ਐੱਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਅਧੀਨ ਪੁਲਿਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐੱਫ.ਆਈ.ਆਰ. ਨੰ. 44 ਕੇਸ ਦਰਜ ਕੀਤਾ ਗਿਆ ਹੈ।