#PUNJAB

ਹੁਣ ਯੂ.ਏ.ਈ. ਵੱਲੋਂ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ

ਯੂ.ਏ.ਈ., 18 ਜੂਨ (ਪੰਜਾਬ ਮੇਲ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਸਰਕਾਰ ਨੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਘੱਟੋ-ਘੱਟ ਉਮਰ 15 ਸਾਲ ਨਿਰਧਾਰਤ ਕਰ ਦਿੱਤੀ ਹੈ। ਅਜਿਹਾ ਸਖ਼ਤ ਨਿਯਮ ਲਾਗੂ ਕਰਨ ਵਾਲਾ ਯੂ.ਏ.ਈ. ਪਹਿਲਾ ਅਰਬ ਦੇਸ਼ ਬਣ ਗਿਆ ਹੈ।
ਵੀਰਵਾਰ ਨੂੰ ਪਾਸ ਕੀਤੇ ਗਏ ਨਵੇਂ ਨਿਯਮ ਅਨੁਸਾਰ, 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਸੋਸ਼ਲ ਮੀਡੀਆ ‘ਤੇ ਆਪਣੇ ਨਿੱਜੀ ਖਾਤੇ ਨਹੀਂ ਬਣਾ ਸਕਣਗੇ। ਇਹ ਬੱਚੇ ਨਾ ਤਾਂ ਕੋਈ ਪੋਸਟ ਪਾ ਸਕਣਗੇ, ਨਾ ਹੀ ਕਿਸੇ ਦੀ ਪੋਸਟ ‘ਤੇ ਕਮੈਂਟ ਕਰ ਸਕਣਗੇ ਅਤੇ ਨਾ ਹੀ ਕੁਝ ਸ਼ੇਅਰ ਕਰ ਸਕਣਗੇ। ਇੱਥੋਂ ਤੱਕ ਕਿ ਉਨ੍ਹਾਂ ਦੇ ਕਿਸੇ ਪਬਲਿਕ ਗਰੁੱਪ ਵਿਚ ਸ਼ਾਮਲ ਹੋਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੋ ਬੱਚੇ 15 ਤੋਂ 16 ਸਾਲ ਦੀ ਉਮਰ ਦੇ ਹਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ਚਲਾਉਣ ਦੀ ਇਜਾਜ਼ਤ ਹੋਵੇਗੀ, ਪਰ ਇਸ ਲਈ ਕੰਪਨੀਆਂ ਨੂੰ ਖ਼ਾਸ ਸੇਫਟੀ ਫੀਚਰਸ ਲਗਾਉਣੇ ਪੈਣਗੇ। ਇਨ੍ਹਾਂ ਵਿਚ ਉਮਰ ਦੇ ਹਿਸਾਬ ਨਾਲ ਕੰਟੈਂਟ ਦਿਖਾਉਣਾ, ਅਣਜਾਣ ਲੋਕਾਂ ਨਾਲ ਗੱਲਬਾਤ ‘ਤੇ ਰੋਕ, ਸਕ੍ਰੀਨ ਟਾਈਮ ਕੰਟਰੋਲ ਅਤੇ ਮਾਪਿਆਂ ਦੀ ਨਿਗਰਾਨੀ ਵਰਗੀਆਂ ਸ਼ਰਤਾਂ ਸ਼ਾਮਲ ਹਨ। ਹੁਣ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਮਰ ਦੀ ਜਾਂਚ ਕਰਨ ਲਈ ਸਿਰਫ਼ ਬੱਚੇ ਦੇ ਕਹਿਣ ‘ਤੇ ਭਰੋਸਾ ਨਹੀਂ ਕਰਨਾ ਪਵੇਗਾ। ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਡਿਜੀਟਲ ਆਈ.ਡੀ. ਵਰਗੀ ਆਧੁਨਿਕ ਤਕਨੀਕ ਦੀ ਵਰਤੋਂ ਕਰਨੀ ਪਵੇਗੀ। ਕੰਪਨੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਹਿਲਾਂ ਤੋਂ ਬਣੇ ਖਾਤੇ ਤੁਰੰਤ ਬੰਦ ਕਰਨ। ਇਸ ਤੋਂ ਇਲਾਵਾ ਬੱਚਿਆਂ ਦੇ ਨਿੱਜੀ ਡੇਟਾ ਦੀ ਵਰਤੋਂ ਇਸ਼ਤਿਹਾਰਬਾਜ਼ੀ ਲਈ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਸਾਹਮਣੇ ਗਲਤ ਕੰਟੈਂਟ ਆਉਣਾ, ਆਨਲਾਈਨ ਅਸੁਰੱਖਿਅਤ ਗੱਲਬਾਤ ਅਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈ ਰਿਹਾ ਸੀ। ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਹੀ ਇਹ ਨਵਾਂ ਫਰੇਮਵਰਕ ਲਿਆਂਦਾ ਗਿਆ ਹੈ। ਸੋਸ਼ਲ ਮੀਡੀਆ ਕੰਪਨੀਆਂ ਨੂੰ ਇਹ ਨਿਯਮ ਲਾਗੂ ਕਰਨ ਲਈ 12 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਯੂ.ਏ.ਈ ਤੋਂ ਇਲਾਵਾ ਆਸਟ੍ਰੇਲੀਆ, ਬ੍ਰਿਟੇਨ ਅਤੇ ਕਈ ਯੂਰਪੀ ਦੇਸ਼ ਵੀ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਸਖ਼ਤੀ ਕਰਨ ਦੀ ਤਿਆਰੀ ਕਰ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਵੀ ਹਾਲ ਹੀ ਵਿਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਕਰਨ ਦਾ ਐਲਾਨ ਕੀਤਾ ਸੀ।