#INDIA

ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਮਿੰਨੀ ਕਹਾਣੀ ਗੋਸ਼ਟੀ ਆਯੋਜਿਤ

ਅੰਦਰੇਟਾ, 8 ਮਈ (ਪੰਜਾਬ ਮੇਲ)- ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅੰਮ੍ਰਿਤਸਰ ਪੰਜਾਬ ਅਤੇ ਅਦਾਰਾ ਮਿੰਨੀ ਮੈਗਜ਼ੀਨ ਵੱਲੋਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚ ਸਥਿਤ ਕਾਂਗੜਾ ਜ਼ਿਲ੍ਹੇ ਦੇ ਪਿੰਡ ਅੰਦਰੇਟਾ ਵਿਖੇ ਸਥਿਤ ਨਾਟਕ ਦੀ ਨਕੜਦਾਦੀ ਨੌਰਾ ਰਿਚਰਡਜ਼ ਦੀ ਅਮੀਰ ਵਿਰਾਸਤ ਦੇ ਸਥਾਨ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਹੈ, ਵਿਖੇ ਇਕ ਰੋਜ਼ਾ ਰਾਸ਼ਟਰੀ ਮਿੰਨੀ ਕਹਾਣੀ ਗੋਸ਼ਟੀ ਆਯੋਜਿਤ ਕੀਤੀ ਗਈ। ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੇਖਕਾਂ ਨੇ ਵੀ ਹਿੱਸਾ ਲਿਆ। ਇਸ ਗੋਸ਼ਟੀ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਚੰਦਰ ਕਾਂਤ ਸਿੰਘ, ਮੁਖੀ ਹਿੰਦੀ ਵਿਭਾਗ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ (ਹਿਮਾਚਲ ਪ੍ਰਦੇਸ਼), ਪ੍ਰਸਿੱਧ ਲਘੂਕਥਾਕਾਰ ਅਸ਼ੋਕ ਦਰਦ (ਬਨੀਖੇਤ, ਡਲਹੌਜ਼ੀ), ਡਾ. ਨਾਇਬ ਸਿੰਘ ਮੰਡੇਰ, ਪ੍ਰਸਿੱਧ ਆਲੋਚਕ (ਹਰਿਆਣਾ), ਡਾ. ਹਰਪ੍ਰੀਤ ਸਿੰਘ ਰਾਣਾ (ਸੰਪਾਦਕ ਅਤੇ ਆਲੋਚਕ) ਅਤੇ ਜਗਦੀਸ਼ ਰਾਏ ਕੁਲਰੀਆਂ (ਆਨਰੇਰੀ ਸੰਪਾਦਕ ‘ਮਿੰਨੀ ਮੈਗਜ਼ੀਨ) ਸ਼ਾਮਲ ਸਨ। ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਦਾ ਆਗਾਜ਼ ਡਾ. ਭਵਾਨੀ ਸ਼ੰਕਰ ਗਰਗ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਗਜ਼ਲ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ..’ ਗਾ ਕੇ ਕੀਤਾ ਅਤੇ ਇਸ ਇਤਿਹਾਸਕ ਸਥਾਨ ਦੇ ਬਾਰੇ ਜਾਣਕਾਰੀ ਦਿੰਦਿਆ ਸ਼੍ਰੀਮਤੀ ਨੌਰਾ ਰਿਚਰਡਜ਼ ਅਤੇ ਸ. ਸ਼ੋਭਾ ਸਿੰਘ ਚਿਤਰਕਾਰ ਦੀ ਦੇਣ ਨੂੰ ਯਾਦ ਕੀਤਾ। ਇਸ ਉਪਰੰਤ ਜਗਦੀਸ਼ ਰਾਏ ਕੁਲਰੀਆਂ ਨੇ ਇਸ ਗੋਸ਼ਟੀ ਦੇ ਮਕਸਦ ਅਤੇ ਮਿੰਨੀ ਕਹਾਣੀ ਲੇਖਕ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਮੰਚ ਵੱਲੋਂ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਇਲਾਕਿਆਂ ਵਿਚ ਜਾ ਕੇ ਗੋਸ਼ਟੀਆਂ ਕਰਨ ਦਾ ਮਕਸਦ ਜਿਥੇ ਮਿੰਨੀ ਕਹਾਣੀ ਵਿਧਾ ਦਾ ਵਿਕਾਸ ਅਤੇ ਪ੍ਰਚਾਰ ਪਾਸਾਰ ਕਰਨਾ ਹੈ, ਉਥੇ ਦੂਜੇ ਪ੍ਰਦੇਸ਼ਾਂ ਵਿਚ ਲਿਖੀ ਜਾ ਰਹੀ ਇਸ ਵਿਧਾ ਦੇ ਲੇਖਕਾਂ ਨਾਲ ਸੰਵਾਦ ਰਚਾਉਣਾ ਅਤੇ ਅਦਾਨ ਪ੍ਰਦਾਨ ਕਰਨਾ ਵੀ ਹੈ। ਮੰਚ ਦੇ ਆਗੂ ਬੀਰ ਇੰਦਰ ਬਨਭੌਰੀ ਨੇ ਕਿਹਾ ਕਿ ਸੱਭਿਆਚਾਰ ਅਤੇ ਸਾਹਿਤਕ ਪ੍ਰਫੁਲਤਾ ਲਈ ਅਜਿਹੇ ਪ੍ਰੋਗਰਾਮਾਂ ਦੀ ਬਹੁਤ ਲੋੜ ਹੈ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ‘ਮਿੰਨੀ ਮੈਗਜ਼ੀਨ ਦਾ ਨਵਾਂ ਅੰਕ’, ਡਾ. ਹਰਪ੍ਰੀਤ ਸਿੰਘ ਰਾਣਾ ਦੀ ਆਲੋਚਨਾਤਮਕ ਪੁਸਤਕ ‘ਪੰਜਾਬੀ ਮਿੰਨੀ ਕਹਾਣੀ ਦਾ ਇਤਿਹਾਸ’, ਡਾ. ਸ਼ਿਆਮ ਸੁੰਦਰ ਦੀਪਤੀ ਦਾ ਮਿੰਨੀ ਕਹਾਣੀ ਸੰਗ੍ਰਹਿ ‘ਸੱਤਰਵਾਂ ਬਸੰਤ’, ਮੰਗਤ ਕੁਲਜਿੰਦ ਦਾ ਮਿੰਨੀ ਕਹਾਣੀ ਸੰਗ੍ਰਹਿ ‘ਐਮਬਾਮਿੰਗ’, ਦਰਸ਼ਨ ਸਿੰਘ ਬਰੇਟਾ ਦੇ ਮਿੰਨੀ ਕਹਾਣੀ ਸੰਗ੍ਰਹਿ ਦਾ ਦੂਜਾ ਸੰਸਕਰਣ ‘ਰੂਹ ਦੀਆਂ ਤੰਦਾਂ’, ਡਾ. ਨਾਇਬ ਸਿੰਘ ਮੰਡੇਰ ਦੇ ਮਿੰਨੀ ਕਹਾਣੀ ਸੰਗ੍ਰਹਿ ਦਾ ਦੂਜਾ ਸੰਸਕਰਣ ‘ਦਿਲਾਂ ਦੀ ਸਾਂਝ’ ਅਤੇ ਤਿਰਪਤ ਭੱਟੀ, ਦਵਿੰਦਰ ਪਟਿਆਲਵੀ, ਹਰਦੀਪ ਸੱਭਰਵਾਲ ਵੱਲੋਂ ਸੰਪਾਦਿਤ ‘ਛਿਣ’ ਮੈਗਜ਼ੀਨ ਦਾ ਨਵਾਂ ਅੰਕ ਰਿਲੀਜ਼ ਕੀਤੇ ਗਏ।
ਸਮਾਗਮ ਦੇ ਦੂਜੇ ਸ਼ੈਸ਼ਨ ਵਿਚ ਮਿੰਨੀ ਕਹਾਣੀਆਂ ਪੜ੍ਹਨ ਦੇ ਸ਼ੁਰੂ ਹੋਏ ਦੌਰ ਵਿਚ ਕੁਲਵਿੰਦਰ ਕੌਸ਼ਲ ਨੇ ‘ਮੈਂ ਮੁੜ ਆਵਾਂਗਾ’ ਤੇ ‘ਸੀਰੀਅਲ ਕਿਲਰ’, ਗੁਰਮੀਤ ਸਿੰਘ ਮਰ੍ਹਾੜ ਨੇ ‘ਵੇਲਾ ਆਪੋ ਆਪਣਾ’ ਤੇ ‘ਕੋਈ ਇਕ ਤਾਂ ਹੋਵੇ’, ਕਵਿਤਾ ਰਾਜਬੰਸ ਨੇ ‘ਵਿਰਾਸਤ’ ਤੇ ‘ਹਵਾ ਦਾ ਬੁੱਲ੍ਹਾ’, ਜੋਗਿੰਦਰ ਕੌਰ ਅਗਨੀਹੋਤਰੀ ਨੇ ‘ਤਪ’ ਤੇ ‘ਕੰਨਿਆ ਦਾਨ’, ਦਵਿੰਦਰ ਪਟਿਆਲਵੀ ਨੇ ‘ਅਸੂਲਾਂ ਦੀ ਜਿਤ’ ਤੇ ‘ਸੰਸਕਾਰ’, ਕੁਲਵਿੰਦਰ ਕੁਮਾਰ ਬਹਾਦਰਗੜ੍ਹ ਨੇ ‘ਆਲ੍ਹਣੇ’ ਤੇ ‘ਨਾਗ’, ਪਰਮਜੀਤ ਕੌਰ ਸ਼ੇਖੂਪੁਰ ਕਲਾਂ ਨੇ ‘ਸਿਸਟਮ’ ਤੇ ‘ਸੱਚਾ ਪਿਆਰ’, ਮਹਿੰਦਰਪਾਲ ਬਰੇਟਾ ਨੇ ‘ਬਾਪੂ ਦੇ ਫੁੱਲ’ ਤੇ ‘ਏਹੋ ਹਮਾਰਾ ਜੀਵੁਣਾ’, ਸ਼ੌਕੀਨ ਸਿੰਘ ਨੇ ‘ਅਲਜ਼ਾਇਮਰ’ ਤੇ ‘ਖਾਲੀ ਧਰਤੀ ਦਾ ਵਾਰਿਸ’, ਅਸ਼ੋਕ ਦਰਦ ਬਨੀਖੇਤ ਨੇ ‘ਹਥਿਆਰ’ ਤੇ ‘ਰਾਜਨੀਤੀ ਕਾ ਗਣਿਤ’, ਤਰੁਣਵੀਰ ਸਿੰਘ ਨੇ ‘ਹਾਹਾ’ ਤੇ ‘ਦੀਦਾਰ ਏ ਜ਼ਿੰਦਗੀ’, ਬੀਰ ਇੰਦਰ ਬਨਭੌਰੀ ਨੇ ‘ਅਧਵੱਟੇ ਬੰਬਲ’ ਤੇ ‘ਨਾਇਕ’, ਰਾਜਿੰਦਰ ਰਾਣੀ ਨੇ ‘ਰੁੱਖੀ ਮਿੱਸੀ’, ਵਿਸ਼ਾਲ ਵਰਮਾ ਹਿਮਾਚਲ ਪ੍ਰਦੇਸ਼ ਨੇ ‘ਏਕ ਝੋਕਾ ਪਿਆਰ ਕਾ’, ਜਗਦੀਸ਼ ਰਾਏ ਕੁਲਰੀਆਂ ਨੇ ‘ਜ਼ਿੰਦਗੀ’ ਤੇ ‘ਟਿਕਟ’ ਅਤੇ ਬਲਰਾਜ ਕੁਹਾੜਾ ਨੇ ‘ਹੱਕ’ ਤੇ ‘ਬੁੱਕਲ’ ਨਾਮੀਂ ਆਪੋ ਆਪਣੀਆਂ ਦੋ-ਦੋ ਮਿੰਨੀ ਕਹਾਣੀਆਂ ਦਾ ਪਾਠ ਕੀਤਾ। ਪੜ੍ਹੀਆਂ ਗਈਆਂ ਇਨ੍ਹਾਂ ਰਚਨਾਵਾਂ ਤੇ ਵੈਸੇ ਤਾਂ ਹਰ ਇਕ ਲੇਖਕ ਨੇ ਵਿਚਾਰ ਰੱਖੇ ਪਰ ਵਿਸ਼ੇਸ਼ ਤੌਰ ‘ਤੇ ਪ੍ਰਧਾਨਗੀ ਮੰਡਲ ਦੇ ਵਿਸ਼ੇਸ਼ਗਾ ਨੇ ਚਰਚਾ ਕੀਤੀ। ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਵਿਸ਼ੇ ਅਤੇ ਰੂਪਕ ਪੱਖੋਂ ਧਿਆਨ ਖਿਚਦੀਆਂ ਹਨ। ਇਹ ਮਿੰਨੀ ਕਹਾਣੀਆਂ ਮਿੰਨੀ ਕਹਾਣੀ ਦੇ ਵਿਧਾਨਕ ਢਾਂਚੇ ਅਨੁਸਾਰ ਮੇਲ ਖਾਂਦੀਆ ਹਨ। ਉਨ੍ਹਾਂ ਲੇਖਕਾਂ ਨੂੰ ਵਿਧਾ ਨੂੰ ਸੰਜੀਦਗੀ ਅਤੇ ਪ੍ਰਤੀਬਧਤਾ ਨਾਲ ਅਪਣਾਉਣ ਦੀ ਅਪੀਲ ਕੀਤੀ। ਅਸ਼ੋਕ ਦਰਦ ਬਨੀਖੇਤ ਨੇ ਕਿਹਾ ਕਿ ਅਜਿਹੇ ਸਮਾਗਮ ਲੇਖਕਾਂ ਲਈ ਨਵੇਂ ਰਾਹ ਖੋਲ਼੍ਹਦੇ ਹਨ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਦੇ ਇਤਿਹਾਸ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਦੀ ਮਿੰਨੀ ਕਹਾਣੀ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਨੂੰ ਇਸ ਵਿਧਾ ਦੇ ਵਿਕਾਸ ਲਈ ਹੋਰ ਉਪਰਾਲੇ ਕਰਨੇ ਚਾਹੀਦੇ ਹਨ। ਪ੍ਰੋ. ਚੰਦਰਕਾਂਤ ਸਿੰਘ ਨੇ ਸਫ਼ਲ ਸਮਾਗਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਲਘੂਕਥਾ ਵਿਧਾ ਵਿਚ ਬਹੁਤ ਸੰਭਾਵਨਾਵਾਂ ਹਨ।
ਸਮਾਗਮ ਦਾ ਤੀਜਾ ਸ਼ੈਸ਼ਨ ‘ਓਪਨ ਸ਼ੈਸ਼ਨ’ ਸੀ, ਜਿਸ ਵਿਚ ਦੇਰ ਰਾਤ ਤੱਕ ਮਿੰਨੀ ਕਹਾਣੀ ਲੇਖਕਾਂ ਨੇ ਆਪਣੀ ਸਿਰਜਣ ਪ੍ਰਕ੍ਰਿਆ ਦੇ ਹਵਾਲੇ ਨਾਲ ਆਪਣੀ ਗੱਲ ਰੱਖੀ ਅਤੇ ਸਵਾਲਾਂ ਦੇ ਜਵਾਬ ਦਿੱਤੇ। ਮੰਚ ਵੱਲੋਂ ਪ੍ਰਧਾਨਗੀ ਮੰਡਲ ਦਾ ਸਨਮਾਨ ਕੀਤਾ ਗਿਆ ਅਤੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਭੇਂਟ ਕੀਤੇ ਗਏ। ਮਹਿੰਦਰਪਾਲ ਬਰੇਟਾ ਨੇ ਪ੍ਰੋਗਰਾਮ ਦੀ ਰਿਕਾਰਡਿੰਗ, ਸ਼ੌਕੀਨ ਸਿੰਘ, ਤਰੁਣਵੀਰ ਸਿੰਘ ਅਤੇ ਰਾਜਿੰਦਰ ਰਾਣੀ ਨੇ ਫੋਟੋਗ੍ਰਾਫ਼ੀ ਕੀਤੀ। ਖਜ਼ਾਨਚੀ ਕੁਲਵਿੰਦਰ ਕੌਸ਼ਲ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅੰਜਨਾ ਰਾਣੀ, ਕਿਰਨਬਾਲਾ ਸੰਗਰੂਰ, ਸ਼ਿਖਾ ਗਰਗ, ਵਤਨਦੀਪ, ਸੋਹਿਤ ਰਾਏ, ਆਸ਼ਾ ਠਾਕੁਰ ਬਨੀਖੇਤ, ਉੱਤਮ ਸਿੰਘ, ਪਾਰਿਕਾ ਸਿੰਗਲਾ, ਅਜੈ ਸ਼ਰਮਾ ਤੇ ਰਾਜ ਭਵਨ ਵੀ ਮੌਜੂਦ ਸਨ।