ਇਹ ਪ੍ਰਵਾਸੀ ਪੰਜਾਬੀਆਂ ਦੀ ਜਿੱਤ: ਪੀਟਰ ਸੰਧੂ
ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਐੱਨ.ਆਰ.ਆਈ. ਸਭਾ ਪੰਜਾਬ ਦੀਆਂ ਚੋਣਾਂ ਕਰਵਾਉਣ ਸਬੰਧੀ ਦਿੱਤੇ ਗਏ ਹੁਕਮਾਂ ਤੋਂ ਬਾਅਦ ਪ੍ਰਵਾਸੀ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸਾਬਕਾ ਐੱਮ.ਐੱਲ.ਏ. ਪਰਮਜੀਤ ਸਿੰਘ ”ਪੀਟਰ” ਸੰਧੂ ਨੇ ਇਸ ਫ਼ੈਸਲੇ ਨੂੰ ਐੱਨ.ਆਰ.ਆਈ. ਭਾਈਚਾਰੇ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਪੀਟਰ ਸੰਧੂ ਇਸ ਵਾਰ ਐੱਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨਗੀ ਅਹੁਦੇ ਲਈ ਦਾਅਵੇਦਾਰੀ ਜਤਾਉਣ ਵਾਲੇ ਪ੍ਰਮੁੱਖ ਚਿਹਰਿਆਂ ਵਿਚੋਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਐੱਨ.ਆਰ.ਆਈ. ਸਭਾ ਪੰਜਾਬ ਦੀਆਂ ਚੋਣਾਂ ਹੋਰ ਲੰਬੀਆਂ ਨਹੀਂ ਲਟਕਾਈਆਂ ਜਾ ਸਕਦੀਆਂ ਅਤੇ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ। ਇਸ ਤੋਂ ਪਹਿਲਾਂ ਵੀ ਹਾਈਕੋਰਟ ਨੇ ਮਾਮਲੇ ਨੂੰ ਤੁਰੰਤ ਮਹੱਤਤਾ ਵਾਲਾ ਮੰਨਦਿਆਂ ਪੰਜਾਬ ਸਰਕਾਰ ਤੋਂ ਚੋਣ ਸ਼ਡਿਊਲ ਅਤੇ ਯੋਗ ਵੋਟਰਾਂ ਦੀ ਸੂਚੀ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ।
ਪੀਟਰ ਸੰਧੂ ਨੇ ਕਿਹਾ ਕਿ ਐੱਨ.ਆਰ.ਆਈ. ਸਭਾ ਪੰਜਾਬ ਦੁਨੀਆਂ ਭਰ ਵਿਚ ਰਹਿੰਦੇ ਪੰਜਾਬੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਇੱਕ ਮਹੱਤਵਪੂਰਨ ਪੁਲ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਚੋਣਾਂ ਨਾ ਹੋਣ ਕਾਰਨ ਸਭਾ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਸੀ ਅਤੇ ਪ੍ਰਵਾਸੀ ਪੰਜਾਬੀਆਂ ਦੀ ਆਵਾਜ਼ ਨੂੰ ਮਜ਼ਬੂਤ ਪਲੇਟਫਾਰਮ ਨਹੀਂ ਮਿਲ ਰਿਹਾ ਸੀ।
ਉਨ੍ਹਾਂ ਨੇ ਹਾਈਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਲਤ ਦੇ ਹੁਕਮਾਂ ਨਾਲ ਲੋਕਤੰਤਰਕ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੇਗੀ। ਪੀਟਰ ਸੰਧੂ ਨੇ ਕਿਹਾ, ”ਇਹ ਸਿਰਫ ਮੇਰੀ ਜਿੱਤ ਨਹੀਂ, ਸਗੋਂ ਦੁਨੀਆਂ ਭਰ ਵਿਚ ਰਹਿੰਦੇ ਐੱਨ.ਆਰ.ਆਈ. ਪੰਜਾਬੀਆਂ ਦੀ ਜਿੱਤ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਐੱਨ.ਆਰ.ਆਈ. ਸਭਾ ਦੀਆਂ ਚੋਣਾਂ ਕਰਵਾਏ।”
ਐੱਨ.ਆਰ.ਆਈ. ਸਭਾ ਪੰਜਾਬ ਦੀ ਸਥਾਪਨਾ 1996 ਵਿਚ ਕੀਤੀ ਗਈ ਸੀ ਅਤੇ ਇਹ ਸੰਸਥਾ ਪੰਜਾਬ ਨਾਲ ਜੁੜੇ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ—ਖਾਸ ਕਰਕੇ ਜ਼ਮੀਨ, ਜਾਇਦਾਦ, ਪ੍ਰਸ਼ਾਸਕੀ ਕੰਮਾਂ ਅਤੇ ਸਰਕਾਰੀ ਦਫ਼ਤਰਾਂ ਨਾਲ ਸੰਬੰਧਤ ਮੁਸ਼ਕਲਾਂ — ਨੂੰ ਉਠਾਉਣ ਲਈ ਬਣਾਈ ਗਈ ਸੀ। ਇਸ ਦੀਆਂ ਚੋਣਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਧੀਨ ਕਰਵਾਈਆਂ ਜਾਂਦੀਆਂ ਹਨ ਅਤੇ ਮੁੱਖ ਮੰਤਰੀ ਇਸ ਦੇ ਚੀਫ਼ ਪੈਟਰਨ ਹੁੰਦੇ ਹਨ।
ਪੀਟਰ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਲਦ ਤੋਂ ਜਲਦ ਚੋਣ ਸ਼ਡਿਊਲ ਜਾਰੀ ਕੀਤਾ ਜਾਵੇ, ਯੋਗ ਵੋਟਰਾਂ ਦੀ ਸੂਚੀ ਪਾਰਦਰਸ਼ੀ ਢੰਗ ਨਾਲ ਪ੍ਰਕਾਸ਼ਿਤ ਕੀਤੀ ਜਾਵੇ ਅਤੇ ਐੱਨ.ਆਰ.ਆਈ. ਭਾਈਚਾਰੇ ਨੂੰ ਆਪਣੀ ਨਵੀਂ ਲੀਡਰਸ਼ਿਪ ਚੁਣਨ ਦਾ ਮੌਕਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੇਵਾ ਦਾ ਮੌਕਾ ਮਿਲਿਆ, ਤਾਂ ਉਹ ਐੱਨ.ਆਰ.ਆਈ. ਸਭਾ ਨੂੰ ਮੁੜ ਸਰਗਰਮ, ਜਵਾਬਦੇਹ ਅਤੇ ਵਿਸ਼ਵ ਪੱਧਰੀ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਆਵਾਜ਼ ਬਣਾਉਣ ਲਈ ਕੰਮ ਕਰਨਗੇ।
ਹਾਈਕੋਰਟ ਵੱਲੋਂ ਐੱਨ.ਆਰ.ਆਈ. ਸਭਾ ਪੰਜਾਬ ਦੀਆਂ ਚੋਣਾਂ ਕਰਵਾਉਣ ਸਬੰਧੀ ਹੁਕਮ ਜਾਰੀ

