#PUNJAB

ਹਵਾਈ ਈਂਧਣ ਦੀਆਂ ਕੀਮਤਾਂ ‘ਚ ਵਾਧਾ; ਹਵਾਈ ਸਫ਼ਰ ਹੋ ਸਕਦਾ ਹੈ ਮਹਿੰਗਾ

– ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ
ਚੰਡੀਗੜ੍ਹ, 1 ਸਤੰਬਰ (ਪੰਜਾਬ ਮੇਲ)- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਦੇ ਸਰੋਤਾਂ ਅਨੁਸਾਰ ਘਰੇਲੂ ਏਅਰਲਾਈਨਾਂ ਲਈ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ ਵਿਚ 5.46 ਫ਼ੀਸਦੀ, ਯਾਨੀ 6.28 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਹਵਾਈ ਡੀਜ਼ਲ ਦੀ ਕੀਮਤ 115 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 121.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਤੇਲ ਕੰਪਨੀਆਂ ਵੱਲੋਂ ਹਵਾਈ ਈਂਧਣ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।
ਕੀਮਤਾਂ ਵਿਚ ਹੋਏ ਇਸ ਵਾਧੇ ਨਾਲ ਘਰੇਲੂ ਏਅਰਲਾਈਨਾਂ ਦਾ ਖਰਚਾ ਵਧੇਗਾ, ਜਿਸ ਦਾ ਸਿੱਧਾ ਅਸਰ ਹਵਾਈ ਕਿਰਾਇਆਂ ‘ਤੇ ਪੈ ਸਕਦਾ ਹੈ ਅਤੇ ਟਿਕਟਾਂ ਮਹਿੰਗੀਆਂ ਹੋ ਸਕਦੀਆਂ ਹਨ। ਹਾਲਾਂਕਿ, ਟਿਕਟਾਂ ਦੀਆਂ ਕੀਮਤਾਂ ਵਿਚ ਬਦਲਾਅ ਯਾਤਰੀਆਂ ਦੀ ਮੰਗ, ਏਅਰਲਾਈਨਾਂ ਵਿਚਕਾਰ ਮੁਕਾਬਲੇ ਅਤੇ ਉਪਲਬਧ ਸੀਟਾਂ ‘ਤੇ ਵੀ ਨਿਰਭਰ ਕਰੇਗਾ। ਭਾਰਤ ਵਿਚ ਕਿਸੇ ਵੀ ਏਅਰਲਾਈਨ ਦੇ ਕੁੱਲ ਸੰਚਾਲਨ ਖਰਚੇ ਦਾ ਲਗਭਗ 35 ਤੋਂ 40 ਫ਼ੀਸਦੀ ਹਿੱਸਾ ਸਿਰਫ਼ ਹਵਾਈ ਈਂਧਣ ‘ਤੇ ਹੀ ਖਰਚ ਹੁੰਦਾ ਹੈ।
ਇਸ ਤੋਂ ਪਹਿਲਾਂ 1 ਅਗਸਤ ਨੂੰ ਵੀ ਏ.ਟੀ.ਐੱਫ. ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ, ਜਦੋਂ ਕਿ ਜੁਲਾਈ ਮਹੀਨੇ ਵਿਚ 5 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਹਵਾਈ ਈਂਧਣ ਦੀਆਂ ਕੀਮਤਾਂ ਵਿਚ ਇਹ ਵਾਧਾ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਹੋਇਆ ਹੈ। ਅਮਰੀਕਾ ਅਤੇ ਇਰਾਨ ਵਿਚਕਾਰ ਵਧਦੇ ਤਣਾਅ ਕਾਰਨ ਹੋਰਮੁਜ਼ ਜਲਡਮਰੂ (ਸਟਰੇਟ ਆਫ ਹੋਰਮੁਜ਼) ਰਾਹੀਂ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕੌਮਾਂਤਰੀ ਬਾਜ਼ਾਰ ਵਿਚ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਯੂ.ਟੀ.ਆਈ.) ਕੱਚਾ ਤੇਲ 86 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਅਤੇ ਬ੍ਰੈਂਟ ਕਰੂਡ 90 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਿਆ ਹੈ।