ਸੈਕਰਾਮੈਂਟੋ, 15 ਅਗਸਤ (ਪੰਜਾਬ ਮੇਲ)- ਸੈਕਰਾਮੈਂਟੋ ਇਲਾਕੇ ਵਿੱਚ ਸਥਿਤ ਇੱਕ ਇਮੀਗ੍ਰੇਸ਼ਨ ਕਾਨੂੰਨੀ ਦਫ਼ਤਰ ਵਿੱਚ ਸ਼ੁੱਕਰਵਾਰ ਸਵੇਰੇ ਕਈ ਹਥਿਆਰਬੰਦ ਵਿਅਕਤੀਆਂ ਨੇ ਦਾਖ਼ਲ ਹੋ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ। ਇਮਾਰਤ ਵਿੱਚ ਕੰਮ ਕਰਦੇ ਕਰਮਚਾਰੀਆਂ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਖ਼ੁਦ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ, ਯਾਨੀ ਆਈਸ ਦੇ ਅਧਿਕਾਰੀ ਦੱਸਿਆ। ਹਾਲਾਂਕਿ ਉਹ ਤਲਾਸ਼ੀ ਲਈ ਕੋਈ ਅਦਾਲਤੀ ਵਾਰੰਟ ਪੇਸ਼ ਨਹੀਂ ਕਰ ਸਕੇ ਅਤੇ ਇਸ ਲਈ ਉਨ੍ਹਾਂ ਨੂੰ ਦਫ਼ਤਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਦੱਸਿਆ ਗਿਆ ਹੈ ਕਿ ਇਹ ਵਿਅਕਤੀ ਘੱਟੋ-ਘੱਟ ਚਾਰ ਬਿਨਾਂ ਸਰਕਾਰੀ ਨਿਸ਼ਾਨ ਵਾਲੀਆਂ ਕਾਲੀਆਂ ਗੱਡੀਆਂ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਤੋਂ ਇੱਕ ਸੂਚੀ ਮਿਲੀ ਹੈ, ਜਿਸ ਵਿੱਚ ਕਈ ਲੋਕਾਂ ਵੱਲੋਂ ਇਸ ਇਮਾਰਤ ਦਾ ਪਤਾ ਮੁੱਖ ਡਾਕ ਪਤੇ ਵਜੋਂ ਵਰਤਿਆ ਗਿਆ ਹੈ। ਉਨ੍ਹਾਂ ਨੇ ਦਫ਼ਤਰ ਅੰਦਰ ਜਾ ਕੇ ਇਹ ਦੇਖਣ ਦੀ ਮੰਗ ਕੀਤੀ ਕਿ ਉੱਥੇ ਲੋਕਾਂ ਦੇ ਰਹਿਣ ਲਈ ਬਿਸਤਰੇ ਤਾਂ ਨਹੀਂ ਲਗਾਏ ਗਏ।
ਲਾਅ ਗਰੁੱਪ ਦੀ ਮਾਲਕ ਨੂੰ ਸਵੇਰੇ 9 ਵੱਜ ਕੇ 16 ਮਿੰਟ ’ਤੇ ਇੱਕ ਕਰਮਚਾਰੀ ਦਾ ਸੁਨੇਹਾ ਮਿਲਿਆ ਕਿ ਇਮੀਗ੍ਰੇਸ਼ਨ ਅਧਿਕਾਰੀ ਦਫ਼ਤਰ ਪਹੁੰਚੇ ਹੋਏ ਹਨ। ਕਰਮਚਾਰੀ ਅਨੁਸਾਰ ਇੱਕ ਹਥਿਆਰਬੰਦ ਵਿਅਕਤੀ, ਜਿਸ ਨੇ ਆਈਸ ਦਾ ਬੈਜ ਲਗਾਇਆ ਹੋਇਆ ਸੀ, ਦਫ਼ਤਰ ਦੀ ਮੁੱਖ ਬੈਠਕ ਵਿੱਚ ਦਾਖ਼ਲ ਹੋਇਆ ਅਤੇ ਪ੍ਰਬੰਧਕ ਨਾਲ ਗੱਲ ਕਰਨ ਦੀ ਮੰਗ ਕੀਤੀ।
ਇਹ ਵਿਅਕਤੀ ਲਗਭਗ ਇੱਕ ਘੰਟੇ ਤੱਕ ਇਮਾਰਤ ਨੇੜੇ ਰਹੇ। ਬਾਅਦ ਵਿੱਚ ਇਮਾਰਤ ਦੇ ਪ੍ਰਬੰਧਕ ਡੈਨੀਅਲ ਅਜ਼ੁਰਡੂਈ ਨੇ ਉਨ੍ਹਾਂ ਨੂੰ ਕਿਹਾ ਕਿ ਵਾਰੰਟ ਤੋਂ ਬਿਨਾਂ ਉੱਥੇ ਰਹਿਣਾ ਨਾਜਾਇਜ਼ ਦਾਖ਼ਲਾ ਮੰਨਿਆ ਜਾਵੇਗਾ ਅਤੇ ਉਹ ਪੁਲਿਸ ਨੂੰ ਬੁਲਾਉਣਗੇ। ਇਸ ਤੋਂ ਕੁਝ ਸਮੇਂ ਬਾਅਦ ਸਾਰੇ ਵਿਅਕਤੀ ਉੱਥੋਂ ਚਲੇ ਗਏ।

