#PUNJAB

ਸਾਬਕਾ ਓਲੰਪੀਅਨ ਅਤੇ ਵਿਧਾਇਕ ਪਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਿਯੁਕਤ!

ਜਲੰਧਰ, 3 ਅਕਤੂਬਰ (ਪੰਜਾਬ ਮੇਲ)- ਕਾਂਗਰਸ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ੇ ਮਗਰੋਂ ਸਾਬਕਾ ਓਲੰਪੀਅਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ। ਰਾਜਾ ਵੜਿੰਗ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਇਕਾਈ ਦੇ ਪ੍ਰਧਾਨ ਵਜੋਂ ਰਸਮੀ ਤੌਰ ‘ਤੇ ਅਸਤੀਫ਼ਾ ਦੇ ਦਿੱਤਾ। ਵੜਿੰਗ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਤੱਕ ਸੂਬਾ ਕਾਂਗਰਸ ਪ੍ਰਧਾਨ ਵਜੋਂ ਸੇਵਾ ਨਿਭਾਈ ਪਰ ਹੁਣ ਇਹ ਕਮਾਨ ਪਰਗਟ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
ਇਥੇ ਦੱਸਣਯੋਗ ਹੈ ਕਿ 2 ਅਕਤੂਬਰ ਨੂੰ ਦਿੱਲੀ ਤੋਂ ਚੰਡੀਗੜ੍ਹ ਤੱਕ ਸਿੰਗਲਾ ਦੇ ਸਮਰਥਕ ਵਧਾਈਆਂ ਦੀ ਤਿਆਰੀ ਕਰ ਰਹੇ ਸਨ ਪਰ ਹਾਈਕਮਾਨ ਨੇ ਆਖਰੀ ਵੇਲੇ ਆਪਣਾ ਫ਼ੈਸਲਾ ਬਦਲ ਲਿਆ। ਸੂਤਰਾਂ ਮੁਤਾਬਕ ਇਸ ਬਦਲਾਅ ‘ਚ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਰਾਹੁਲ ਗਾਂਧੀ ਨਾਲ ਹੋਈ ਮੁਲਾਕਾਤ ਅਹਿਮ ਰਹੀ ਹੈ। ਰਾਹੁਲ ਗਾਂਧੀ ਦੀ ਮੁਲਾਕਾਤ ਦੌਰਾਨ ਰਾਜਾ ਵੜਿੰਗ ਨੇ ਸਿੰਗਲਾ ਦੇ ਨਾਂ ‘ਤੇ ਇਤਰਾਜ਼ ਜਤਾਇਆ। ਰਾਜਾ ਵੜਿੰਗ ਨੇ ਰਾਹੁਲ ਗਾਂਧੀ ਦੇ ਸਾਹਮਣੇ ਵਿਜੇਇੰਦਰ ਸਿੰਗਲਾ ਦੇ ਚੰਨੀ ਖੇਮੇ ਨਾਲ ਨੇੜਤਾ ਅਤੇ ਇਸ ਨਾਲ ਪਾਰਟੀ ਦੇ ਦੂਜੇ ਗੁੱਟਾਂ ‘ਚ ਵਧਣ ਵਾਲੀ ਨਾਰਾਜ਼ਗੀ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਪੰਜਾਬ ‘ਚ ਜੱਟ ਸਿੱਖ ਚਿਹਰੇ ਨੂੰ ਕਮਾਨ ਸੌਂਪਣ, ਚੰਨੀ ਗੁੱਟ ਤੋਂ ਦੂਰੀ ਬਣਾਈ ਰੱਖਣ, ਸੰਗਰੂਰ ‘ਚ ਪਹਿਲਾਂ ਹੋਏ ਵਿਰੋਧ ਅਤੇ ਦੋਆਬਾ ‘ਚ ਭਾਜਪਾ ਦੇ ਵਧਦੇ ਫੋਕਸ ਵਰਗੇ ਸਿਆਸੀ ਸਮੀਕਰਨ ਵੀ ਚਰਚਾ ਵਿਚ ਰਹੇ ਹਨ।
ਪਾਰਟੀ ਸੂਤਰਾਂ ਮੁਤਾਬਕ 2 ਅਕਤੂਬਰ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਸਤੀਫ਼ਾ ਸੌਂਪਣ ਮਗਰੋਂ ਰਾਹੁਲ ਗਾਂਧੀ ਨਾਲ ਨਿੱਜੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਜਦੋਂ ਵਿਜੇਇੰਦਰ ਸਿੰਗਲਾ ਦੇ ਨਾਂ ਦੀ ਚਰਚਾ ਸਾਹਮਣੇ ਆਈ, ਤਾਂ ਰਾਜਾ ਵੜਿੰਗ ਨੇ ਹਾਈਕਮਾਨ ਦੇ ਸਾਹਮਣੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ। ਵੜਿੰਗ ਨੇ ਰਾਹੁਲ ਗਾਂਧੀ ਦੇ ਸਾਹਮਣੇ ਤਰਕ ਰੱਖਿਆ ਕਿ ਵਿਜੇਇੰਦਰ ਸਿੰਗਲਾ ਸਿੱਧੇ ਤੌਰ ‘ਤੇ ਚੰਨੀ ਖੇਮੇ ਨਾਲ ਜੁੜੇ ਹੋਏ ਹਨ। ਜੇ ਸਿੰਗਲਾ ਨੂੰ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ, ਤਾਂ ਪੰਜਾਬ ਕਾਂਗਰਸ ‘ਤੇ ਪੂਰੀ ਤਰ੍ਹਾਂ ਚੰਨੀ ਗੁੱਟ ਦਾ ਦਬਦਬਾ ਕਾਇਮ ਹੋ ਜਾਵੇਗਾ। ਇਸ ਨਾਲ ਪਾਰਟੀ ਦੇ ਬਾਕੀ ਸਾਰੇ ਧੜੇ ਅਲੱਗ-ਥਲੱਗ ਪੈ ਜਾਣਗੇ ਅਤੇ ਚੋਣ ਤੋਂ ਪਹਿਲਾਂ ਸੰਗਠਨ ‘ਚ ਅਸੰਤੋਸ਼ ਦੀ ਨਵੀਂ ਲਹਿਰ ਉੱਠ ਖੜ੍ਹੀ ਹੋਵੇਗੀ।
ਰਾਜਾ ਵੜਿੰਗ ਦੇ ਜਤਾਏ ਇਤਰਾਜ਼ ਮਗਰੋਂ ਰਾਹੁਲ ਗਾਂਧੀ ਅਤੇ ਹਾਈਕਮਾਨ ਨੂੰ ਪ੍ਰਧਾਨ ਦੇ ਨਾਂ ਨੂੰ ਲੈ ਕੇ ਦੋਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ। ਹਾਈਕਮਾਨ ਨੂੰ ਸਪੱਸ਼ਟ ਸੰਦੇਸ਼ ਮਿਲ ਗਿਆ ਕਿ ਸਿੰਗਲਾ ਦੇ ਨਾਂ ‘ਤੇ ਸਰਵਸੰਮਤੀ ਬਣਨਾ ਨਾਮੁਮਕਿਨ ਹੈ, ਜਿਸ ਦੇ ਬਾਅਦ ਹਾਈਕਮਾਨ ਨੇ ਪਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ। ਰਾਜਾ ਵੜਿੰਗ ਦਾ ਇਹ ਦਾਅ ਸਿੰਗਲਾ ਦੀ ਖੇਡ ਵਿਗਾੜਨ ‘ਚ ਸਭ ਤੋਂ ਵੱਡਾ ਕਾਰਨ ਬਣਿਆ।
ਇਥੇ ਇਹ ਵੀ ਦੱਸਣਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਪਾਰਟੀ ਜੱਟ ਸਿੱਖ ਭਾਈਚਾਰੇ ਨੂੰ ਲੁਭਾਉਣ ਦੀਆਂ ਤਿਆਰੀਆਂ ਵਿਚ ਹੈ। ਪਰਗਟ ਸਿੰਘ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਜੋਕਿ ਪੰਜਾਬ ਦੀ ਆਬਾਦੀ ਦਾ ਲਗਭਗ 25 ਫ਼ੀਸਦੀ ਹਿੱਸਾ ਬਣਦਾ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਪਰਗਟ ਸਿੰਘ ਖ਼ੁਦ ਇਸ ਭਾਈਚਾਰੇ ਤੋਂ ਆਉਂਦੇ ਹਨ, ਇਸ ਲਈ ਉਹ ਆਪਣੇ ਭਾਈਚਾਰੇ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜੋਕਿ ਇਸ ਸਮੇਂ ਕਾਂਗਰਸ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ।
ਪਰਗਟ ਸਿੰਘ ਦਾ ਜਨਮ ਜਲੰਧਰ ਦੇ ਪਿੰਡ ਮਿੱਠਾਪੁਰ ‘ਚ ਹੋਇਆ ਸੀ, ਜੋਕਿ ਦੋਆਬਾ ਖੇਤਰ ‘ਚ ਪੈਂਦਾ ਹੈ। ਇਸ ਖੇਤਰ ‘ਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ ਅਤੇ ਇਸ ‘ਚ ਕੁੱਲ੍ਹ 23 ਵਿਧਾਨ ਸਭਾ ਸੀਟਾਂ ਹਨ। ਹਾਲਾਂਕਿ 2022 ‘ਚ ਕਾਂਗਰਸ ਨੇ ਸਿਰਫ਼ ਨੌਂ ਸੀਟਾਂ ਜਿੱਤੀਆਂ ਸਨ। ਇਸ ਲਈ ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਗਟ ਸਿੰਘ ਰਾਹੀਂ ਇਕ ਮਹੱਤਵਪੂਰਨ ਜਿੱਤ ‘ਤੇ ਨਜ਼ਰ ਰੱਖੇਗੀ।
ਜਲੰਧਰ ਕੈਂਟ ਹਲਕਾ ਵਿਚ ਪਰਗਟ ਸਿੰਘ ਨੂੰ ਇਕ ਮਜ਼ਬੂਤ ਨੇਤਾ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਜਿੱਤ ਮਿਲੀ ਸੀ, ਤਾਂ ਵੀ ਉਨ੍ਹਾਂ ਨੇ ਕਾਂਗਰਸ ਲਈ ਆਪਣੀ ਜਲੰਧਰ ਕੈਂਟ ਸੀਟ ਬਰਕਰਾਰ ਰੱਖੀ। ਉਨ੍ਹਾਂ ਨੇ ਆਪਣੇ ਸਾਥੀ ਸਾਬਕਾ ਹਾਕੀ ਅੰਤਰਰਾਸ਼ਟਰੀ ਸੁਰਿੰਦਰ ਸਿੰਘ ਸੋਢੀ ਨੂੰ ਲਗਭਗ 5,800 ਵੋਟਾਂ ਨਾਲ ਹਰਾਇਆ ਸੀ। ਪਰਗਟ ਸਿੰਘ ਨੇ ਆਪਣੀ ਸੀਟ ‘ਤੇ ਇਕ ਮਜ਼ਬੂਤ ਪਕੜ ਬਣਾਈ ਹੋਈ ਹੈ।