#PUNJAB

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਸੁਰਜੀਤ ਰੱਖੜਾ ਪਾਰਟੀ ਤੋਂ ਸਸਪੈਂਡ

ਜਲੰਧਰ, 15 ਮਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਵੱਡਾ ਫੈਸਲਾ ਲੈਂਦੇ ਹੋਏ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਮਤਾ ਪਾਸ ਕਰਦਿਆਂ ਇਹ ਫ਼ੈਸਲਾ ਲਿਆ ਹੈ। ਜਲੰਧਰ-ਫਗਵਾੜਾ ਹਾਈਵੇਅ ‘ਤੇ ਇਕ ਨਿੱਜੀ ਹੋਟਲ ਵਿਚ ਪਾਰਟੀ ਵਲੋਂ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰੱਖੜਾ ਪਾਰਟੀ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਸਨ, ਇਸੇ ਕਾਰਨ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ।
ਦੂਜਾ ਪਾਸੇ ਬੇਅਦਬੀ ਕਾਨੂੰਨ ਬਾਰੇ ਸਾਬਕਾ ਜਥੇਦਾਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਪ੍ਰਸਤਾਵ ਭੇਜਿਆ ਅਤੇ ਉਸ ਤੋਂ ਬਾਅਦ ਉਹ ਵਿਰੋਧ ਕਰ ਰਹੇ ਹਨ, ਤਾਂ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ। ਬੇਅਦਬੀ ਕਾਨੂੰਨ ਦੇ ਮਾਮਲੇ ਵਿਚ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਗੂਆਂ ਸਮੇਤ ਕਾਨੂੰਨੀ ਮਾਹਿਰਾਂ ਨੂੰ ਹੱਲ ਲੱਭਣ ਲਈ ਸ਼ਾਮਲ ਹੋਣਾ ਚਾਹੀਦਾ ਹੈ। ਅਜਿਹਾ ਕੋਈ ਹੱਲ ਨਹੀਂ ਹੈ, ਜੋ ਲੱਭਿਆ ਨਾ ਜਾ ਸਕੇ। 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੁਲਾਸਾ ਹੋਇਆ ਹੈ ਕਿ ਪੱਛਮੀ ਬੰਗਾਲ ਵਿਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਜੇਕਰ ਇਹ ਸੱਚ ਹੈ ਤਾਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਗੈਰ-ਕਾਨੂੰਨੀ ਵੋਟਾਂ ਰੱਦ ਕਰਨਾ ਠੀਕ ਹੈ, ਪਰ ਜਾਇਜ਼ ਵੋਟਾਂ ਰੱਦ ਕਰਨਾ ਗਲਤ ਹੈ।