ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਬੋਰਡ ਆਫ਼ ਇਮੀਗ੍ਰੇਸ਼ਨ ਅਪੀਲਜ਼ (BIA) ਨੇ ਇੱਕ ਮਹੱਤਵਪੂਰਨ ਨਜ਼ੀਰ ਕਾਇਮ ਕਰਦੇ ਹੋਏ ਫ਼ੈਸਲਾ ਦਿੱਤਾ ਹੈ ਕਿ ਜੇ ਕੋਈ ਸ਼ਰਨ ਮੰਗਣ ਵਾਲਾ (Asylum Seeker) ਲਾਜ਼ਮੀ ਸਾਲਾਨਾ ਅਸਾਇਲਮ ਫੀਸ ਸਮੇਂ ਸਿਰ ਅਦਾ ਨਹੀਂ ਕਰਦਾ, ਤਾਂ ਉਸ ਦਾ ਅਸਾਇਲਮ ਦਾ ਦਾਅਵਾ ਰੱਦ ਹੋ ਸਕਦਾ ਹੈ। ਹਾਲਾਂਕਿ, ਇਸ ਕਾਰਨ ਉਸ ਦਾ Statutory Withholding of Removal ਜਾਂ ਸੰਯੁਕਤ ਰਾਸ਼ਟਰ ਦੇ Convention Against Torture (CAT) ਅਧੀਨ ਮਿਲਣ ਵਾਲੀ ਸੁਰੱਖਿਆ ਆਪਣੇ ਆਪ ਖ਼ਤਮ ਨਹੀਂ ਹੋਵੇਗੀ।
24 ਜੁਲਾਈ ਨੂੰ ਜਾਰੀ ਇਸ ਫ਼ੈਸਲੇ ਵਿੱਚ BIA ਨੇ ਸਪੱਸ਼ਟ ਕੀਤਾ ਕਿ ਕਾਂਗਰਸ ਵੱਲੋਂ ਪਾਸ ਕੀਤੇ One Big Beautiful Bill Act ਤਹਿਤ ਅਸਾਇਲਮ ਲਈ ਸ਼ੁਰੂਆਤੀ ਅਤੇ ਸਾਲਾਨਾ ਫੀਸ ਭਰਨਾ ਲਾਜ਼ਮੀ ਹੈ। ਜੇ ਇਹ ਫੀਸ ਨਾ ਭਰੀ ਜਾਵੇ ਤਾਂ ਅਸਾਇਲਮ ਦੀ ਅਰਜ਼ੀ ਨੂੰ ਛੱਡਿਆ ਹੋਇਆ (abandoned) ਮੰਨਿਆ ਜਾ ਸਕਦਾ ਹੈ।
ਇਹ ਮਾਮਲਾ ਕਿਊਬਾ ਦੀ ਇੱਕ ਮਹਿਲਾ ਨਾਲ ਸੰਬੰਧਿਤ ਸੀ, ਜਿਸ ਨੇ 2025 ਵਿੱਚ Form I-589 ਦਾਇਰ ਕਰਕੇ ਅਸਾਇਲਮ ਅਤੇ ਦੇਸ਼ ਨਿਕਾਲੇ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਸਾਲਾਨਾ ਫੀਸ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ, ਪਰ ਸਮੇਂ ਸਿਰ ਫੀਸ ਨਾ ਭਰਨ ਕਾਰਨ ਜੱਜ ਨੇ ਉਸ ਦੀ ਪੂਰੀ ਅਰਜ਼ੀ ਰੱਦ ਕਰ ਦਿੱਤੀ।
ਅਪੀਲ ਦੌਰਾਨ Department of Homeland Security (DHS) ਨੇ ਦਲੀਲ ਦਿੱਤੀ ਕਿ ਕਿਉਂਕਿ ਇੱਕੋ Form I-589 ਰਾਹੀਂ ਅਸਾਇਲਮ, Withholding of Removal ਅਤੇ CAT ਸੁਰੱਖਿਆ ਲਈ ਅਰਜ਼ੀ ਦਿੱਤੀ ਜਾਂਦੀ ਹੈ, ਇਸ ਲਈ ਫੀਸ ਨਾ ਭਰਨ ’ਤੇ ਤਿੰਨਾਂ ਦਾਅਵਿਆਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਪਰ BIA ਦੇ ਤਿੰਨ ਜੱਜਾਂ ਦੇ ਪੈਨਲ ਨੇ ਇਹ ਦਲੀਲ ਖ਼ਾਰਜ ਕਰ ਦਿੱਤੀ। ਬੋਰਡ ਨੇ ਕਿਹਾ ਕਿ ਕਾਂਗਰਸ ਨੇ ਕਾਨੂੰਨ ਵਿੱਚ ਸਿਰਫ਼ ਅਸਾਇਲਮ ਲਈ ਫੀਸ ਦੀ ਸ਼ਰਤ ਰੱਖੀ ਹੈ, Withholding of Removal ਅਤੇ CAT Protection ਲਈ ਨਹੀਂ। ਇਸ ਲਈ ਕੇਵਲ ਫੀਸ ਨਾ ਭਰਨ ਦੇ ਆਧਾਰ ’ਤੇ ਇਨ੍ਹਾਂ ਦੋ ਸੁਰੱਖਿਆਵਾਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
BIA ਨੇ ਕਿਊਬਾ ਦੀ ਮਹਿਲਾ ਦੀ ਅਪੀਲ ਮਨਜ਼ੂਰ ਕਰਦੇ ਹੋਏ ਕੇਸ ਮੁੜ ਇਮੀਗ੍ਰੇਸ਼ਨ ਕੋਰਟ ਨੂੰ ਭੇਜ ਦਿੱਤਾ ਹੈ, ਤਾਂ ਜੋ ਉਸ ਦੇ Withholding of Removal ਅਤੇ CAT Protection ਵਾਲੇ ਦਾਅਵਿਆਂ ’ਤੇ ਕਾਨੂੰਨ ਅਨੁਸਾਰ ਸੁਣਵਾਈ ਕੀਤੀ ਜਾ ਸਕੇ।
ਇਹ ਫ਼ੈਸਲਾ ਉਨ੍ਹਾਂ ਹਜ਼ਾਰਾਂ ਸ਼ਰਨ ਮੰਗਣ ਵਾਲਿਆਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀ ਅਸਾਇਲਮ ਅਰਜ਼ੀ ਲੰਬਿਤ ਹੈ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਅਸਾਇਲਮ ਫੀਸ ਨਾ ਭਰਨ ਨਾਲ ਅਸਾਇਲਮ ਦਾ ਹੱਕ ਪ੍ਰਭਾਵਿਤ ਹੋ ਸਕਦਾ ਹੈ, ਪਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਅਧੀਨ ਮਿਲਣ ਵਾਲੀ ਦੇਸ਼ ਨਿਕਾਲੇ ਤੋਂ ਸੁਰੱਖਿਆ ਆਪਣੇ ਆਪ ਖ਼ਤਮ ਨਹੀਂ ਹੁੰਦੀ।

