#CANADA

ਸਰੀ ‘ਚ ਫਿਰੌਤੀਆਂ ਦੀਆਂ ਘਟਨਾਵਾਂ ‘ਚ ਰਿਕਾਰਡਤੋੜ ਤੇਜ਼ੀ!

ਪੰਜਾਬੀ ਭਾਈਚਾਰੇ ‘ਚ ਦਹਿਸ਼ਤ ਦਾ ਮਾਹੌਲ
ਸਰੀ, 2 ਜੂਨ  (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ‘ਚ ਅਪਰਾਧਿਕ ਗਤੀਵਿਧੀਆਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਰੀ ਪੁਲਿਸ ਸਰਵਿਸ (ਸੀ.ਪੀ.ਐੱਸ.) ਵੱਲੋਂ ਜਾਰੀ ਕੀਤੇ ਗਏ ਸਾਲ 2026 ਦੇ ਪਹਿਲੇ ਚਾਰ ਮਹੀਨਿਆਂ ਦੇ ਅੰਕੜਿਆਂ ਨੇ ਭਾਈਚਾਰੇ ਅਤੇ ਪ੍ਰਸ਼ਾਸਨ ਦੇ ਹੋਸ਼ ਉਡਾ ਦਿੱਤੇ ਹਨ। ਅੰਕੜਿਆਂ ਅਨੁਸਾਰ ਸ਼ਹਿਰ ਵਿਚ ਜਿੱਥੇ ਕਤਲ ਦੇ ਮਾਮਲਿਆਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ, ਉੱਥੇ ਹੀ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਫਿਰੌਤੀਆਂ ਦੀਆਂ ਘਟਨਾਵਾਂ ਵਿਚ ਰਿਕਾਰਡਤੋੜ ਤੇਜ਼ੀ ਆਈ ਹੈ।
ਤਾਜ਼ਾ ਰਿਪੋਰਟ ਮੁਤਾਬਕ, ਸਾਲ 2025 ਦੇ ਪਹਿਲੇ ਚਾਰ ਮਹੀਨਿਆਂ ਦੇ ਮੁਕਾਬਲੇ ਇਸ ਸਾਲ ਕਤਲ ਦੇ ਮਾਮਲੇ 2 ਤੋਂ ਵਧ ਕੇ 8 ਹੋ ਗਏ ਹਨ, ਜੋ ਕਿ 300 ਫੀਸਦੀ ਦਾ ਵਾਧਾ ਹੈ। ਇਸੇ ਤਰ੍ਹਾਂ ਸ਼ਹਿਰ ਵਿਚ ਸ਼ਰੇਆਮ ਗੋਲੀਬਾਰੀ ਦੀਆਂ ਘਟਨਾਵਾਂ ਵਿਚ 94 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 17 ਤੋਂ ਵਧ ਕੇ 33 ਤੱਕ ਪਹੁੰਚ ਗਈਆਂ ਹਨ। ਸਭ ਤੋਂ ਚਿੰਤਾਜਨਕ ਅੰਕੜਾ ਫਿਰੌਤੀ ਦੇ ਮਾਮਲਿਆਂ ਦਾ ਹੈ। ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਤ ਫਿਰੌਤੀ ਦੀਆਂ ਘਟਨਾਵਾਂ ਵਿਚ 2,275 ਫੀਸਦੀ ਦਾ ਅਵਿਸ਼ਵਾਸਯੋਗ ਵਾਧਾ ਦੇਖਿਆ ਗਿਆ ਹੈ। ਪਿਛਲੇ ਸਾਲ ਜਿੱਥੇ ਸਿਰਫ 4 ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ ਇਸ ਸਾਲ ਇਹ ਗਿਣਤੀ ਵਧ ਕੇ 95 ਹੋ ਗਈ ਹੈ। ਇਸ ਨਾਲ ਸਥਾਨਕ ਕਾਰੋਬਾਰੀਆਂ ਅਤੇ ਪੰਜਾਬੀ ਭਾਈਚਾਰੇ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਵਿਅਕਤੀਗਤ ਅਤੇ ਸੰਪਤੀ ਅਪਰਾਧਾਂ ਦੀ ਸਥਿਤੀ:
ਵਿਅਕਤੀਆਂ ਵਿਰੁੱਧ ਅਪਰਾਧ ‘ਚ 2756 ਮਾਮਲੇ (31 ਫੀਸਦੀ ਵਾਧਾ), ਸੰਪਤੀ ਅਪਰਾਧ ‘ਚ 6,983 ਮਾਮਲੇ (12 ਫੀਸਦੀ ਵਾਧਾ), ਕਾਰੋਬਾਰੀ ਅਦਾਰਿਆਂ ‘ਚ ਸੰਨ੍ਹਮਾਰੀ ‘ਚ 60 ਫੀਸਦੀ ਵਾਧਾ, ਪਛਾਣ ਦੀ ਚੋਰੀ ਅਤੇ ਧੋਖਾਧੜੀ ‘ਚ 59 ਫੀਸਦੀ ਵਾਧਾ ਅਤੇ ਲੁੱਟ-ਖੋਹ ਮਾਮਲੇ ‘ਚ 30 ਫੀਸਦੀ ਵਾਧਾ ਦਰਜ ਕੀਤਾ ਗਿਆ।
ਅਪਰਾਧਾਂ ਦੇ ਨਾਲ-ਨਾਲ ਪੁਲਿਸ ਨੇ ਮਾਨਸਿਕ ਸਿਹਤ ਨਾਲ ਸਬੰਧਤ ਮਾਮਲਿਆਂ ਵਿਚ ਵੀ 36 ਫੀਸਦੀ ਦੀ ਤੇਜ਼ੀ ਦਰਜ ਕੀਤੀ ਹੈ। ਹਾਲਾਂਕਿ, ਕੁਝ ਰਾਹਤ ਵਾਲੀ ਗੱਲ ਇਹ ਰਹੀ ਕਿ ਭਿਆਨਕ ਸੜਕ ਹਾਦਸਿਆਂ ਵਿਚ 14 ਫੀਸਦੀ ਅਤੇ ਕਾਰਾਂ ਦੀ ਚੋਰੀ ਵਿਚ 3 ਫੀਸਦੀ ਦੀ ਮਾਮੂਲੀ ਗਿਰਾਵਟ ਆਈ ਹੈ। ਸਰੀ ਪੁਲਿਸ ਅਨੁਸਾਰ ਭਾਵੇਂ ਮਦਦ ਲਈ ਆਉਣ ਵਾਲੀਆਂ ਕਾਲਾਂ ਵਿਚ 3 ਫੀਸਦੀ ਦੀ ਕਮੀ ਆਈ ਹੈ, ਪਰ ਅਪਰਾਧਾਂ ਦੀ ਵਧਦੀ ਗੰਭੀਰਤਾ ਅਤੇ ਹਿੰਸਕ ਘਟਨਾਵਾਂ ਸ਼ਹਿਰ ਦੀ ਸੁਰੱਖਿਆ ਲਈ ਵੱਡੀ ਚੁਣੌਤੀ ਬਣ ਗਈਆਂ ਹਨ।