ਟੋਰਾਂਟੋ, 7 ਮਈ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ‘ਚ ਪਿਛਲੇ ਕੁਝ ਸਮੇਂ ਤੋਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ‘ਜਬਰਨ ਵਸੂਲੀ’ ਲਈ ਮਿਲ ਰਹੀਆਂ ਧਮਕੀਆਂ ਖ਼ਿਲਾਫ਼ ਸਰੀ ਪੁਲਿਸ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪੁਲਿਸ ਨੇ ਅਪਰਾਧੀਆਂ ਨੂੰ ਫੜਨ ਲਈ ਜਨਤਾ ਦੀ ਮਦਦ ਮੰਗੀ ਹੈ ਅਤੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ।
ਸਰੀ ਪੁਲਿਸ ਨੇ ਜਬਰਨ ਵਸੂਲੀ ਦੇ ਮਾਮਲਿਆਂ ਵਿਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਲਈ 250,000 ਕੈਨੇਡੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ 1.5 ਕਰੋੜ ਬਣਦੀ ਹੈ। ਇਸ ਇਨਾਮ ਦਾ ਮੁੱਖ ਮਕਸਦ ਲੋਕਾਂ ਨੂੰ ਅਪਰਾਧਿਕ ਨੈੱਟਵਰਕਾਂ ਬਾਰੇ ਖੁਫ਼ੀਆ ਜਾਣਕਾਰੀ ਦੇਣ ਲਈ ਉਤਸ਼ਾਹਿਤ ਕਰਨਾ ਹੈ, ਤਾਂ ਜੋ ਇਨ੍ਹਾਂ ਗਿਰੋਹਾਂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।
ਇਸੇ ਦੌਰਾਨ ਸਰੀ ਸ਼ਹਿਰ ‘ਚ ਕਾਰੋਬਾਰੀਆਂ ਨੂੰ ਧਮਕਾ ਕੇ ਫਿਰੌਤੀ ਮੰਗਣ ਦੇ ਵਧਦੇ ਮਾਮਲਿਆਂ ਨੂੰ ਰੋਕਣ ਵੱਲ ਸਰੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਅਪਰਾਧਿਕ ਨੈੱਟਵਰਕ ਨਾਲ ਜੁੜੇ 7 ਪੰਜਾਬੀ ਨੌਜਵਾਨਾਂ ਦੀ ਪਛਾਣ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਸਰੀ ਪੁਲਿਸ ਨੇ ਇਨ੍ਹਾਂ ਅਪਰਾਧੀਆਂ ਬਾਰੇ ਪੁਖ਼ਤਾ ਜਾਣਕਾਰੀ ਦੇਣ ਵਾਲੇ ਲਈ 250,000 ਕੈਨੇਡੀਅਨ ਡਾਲਰ (ਲਗਭਗ 1.5 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, 2 ਪੰਜਾਬੀ ਨੌਜਵਾਨਾਂ ਨੂੰ ਅਪਰਾਧਿਕ ਗਤੀਵਿਧੀਆਂ ਕਾਰਨ ਪਹਿਲਾਂ ਹੀ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ, ਜਦਕਿ 3 ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਰੀ ਪੁਲਿਸ ਨੇ ਜਿਨ੍ਹਾਂ 7 ਪੰਜਾਬੀ ਨੌਜਵਾਨਾਂ ਦੀ ਲਿਸਟ ਜਾਰੀ ਕੀਤੀ ਹੈ, ਉਨ੍ਹਾਂ ਦੀ ਪਛਾਣ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਯਾਜੀਤ ਬਿਲਿੰਗ, ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ‘ਚੋਂ ਲਵਬੀਰ ਸਿੰਘ ਤੇ ਪ੍ਰਭਜੋਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਕਾਰੋਬਾਰੀਆਂ ਨੂੰ ਫੋਨ ਅਤੇ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੰਦੇ ਸਨ ਤੇ ਪੈਸੇ ਨਾ ਦੇਣ ‘ਤੇ ਘਰਾਂ ਜਾਂ ਦੁਕਾਨਾਂ ‘ਤੇ ਗੋਲੀਬਾਰੀ ਅਤੇ ਅੱਗ ਲਾਉਣ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ‘ਚੋਂ ਕਈ ਨੌਜਵਾਨ ਕੈਨੇਡਾ ਵਿਚ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ‘ਤੇ ਆਏ ਸਨ ਪਰ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਹੋ ਕੇ ਗਲਤ ਰਾਹ ‘ਤੇ ਤੁਰ ਪਏ।
ਇਸ ਮਾਮਲੇ ‘ਚ ਸਰੀ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਸ਼ੱਕੀ ਮੁਲਜ਼ਮਾਂ ਬਾਰੇ ਜਾਣਕਾਰੀ ਰੱਖਦਾ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧ ਕਰਨ ਵਾਲੇ ਗੈਰ-ਨਾਗਰਿਕਾਂ ਨੂੰ ਕੈਨੇਡਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਿਪੋਰਟ ਕੀਤਾ ਜਾਵੇਗਾ।

