#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਵਿੱਤੀ ਸਹਾਇਤਾ

ਸ੍ਰੀ ਮੁਕਤਸਰ ਸਾਹਿਬ, 11 ਮਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਫਹਿਰਿਸਤ ਏਨੀ ਲੰਮੀ ਹੈ ਕਿ ਇਸ ਨੂੰ ਵਰਨਣ ਕਰਨਾ ਵੀ ਨਾ ਮੁਮਕਿਨ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ 28 ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਵਿੱਤੀ ਸਹਾਇਤਾ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਮਰੀਜ਼ ਲੰਮੇ ਸਮੇਂ ਤੋਂ ਵੱਖ-ਵੱਖ ਬੀਮਾਰੀਆਂ ਤੋਂ ਪੀੜ੍ਹਤ ਹਨ, ਡਾਕਟਰ ਦੀ ਲਿਖੀ ਹੋਈ ਦਵਾਈਆਂ ਦੀ ਪਰਚੀ ਤਾਂ ਹੈ, ਪ੍ਰੰਤੂ ਦਵਾਈਆਂ ਖਰੀਦਣ ਲਈ ਗੁਜਾਇਸ਼ ਨਹੀਂ ਹੈ। ਇਨ੍ਹਾਂ ਹਾਲਤਾਂ ਵਿਚ ਡਾ. ਓਬਰਾਏ ਨੇ ਇਨ੍ਹਾਂ ਮਰੀਜ਼ਾਂ ਦੀ ਬਾਂਹ ਫੜੀ ਅਤੇ ਡਾਕਟਰ ਦੀ ਲਿਖੀ ਹੋਈ ਦਵਾਈ ਲੈਣ ਲਈ ਵੱਖ-ਵੱਖ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਪੈਸੇ ਭੇਜੇ, ਜੋ ਸ੍ਰੀ ਮੁਕਤਸਰ ਸਾਹਿਬ ਟੀਮ ਵੱਲੋਂ ਮਰੀਜ਼ਾਂ ਨੂੰ ਦਿੱਤੇ ਗਏ ਹਨ। ਲੋੜਵੰਦ ਮਰੀਜ਼ਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਡਾ. ਓਬਰਾਏ ਦੇ ਇਸ ਉਪਰਾਲੇ ਨਾਲ ਅਸੀਂ ਵੀ ਨਿਰੋਗ ਜ਼ਿੰਦਗੀ ਜਿਊਣ ਲਈ ਆਸਵੰਦ ਹੋ ਗਏ ਹਾਂ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਬਰਨੇਕ ਸਿੰਘ ਰਿਟਾ. ਲੈਕਚਰਾਰ, ਸੋਮ ਪ੍ਰਕਾਸ਼, ਗੁਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ ਮੈਂਬਰ, ਸੁਖਬੀਰ ਸਿੰਘ ਜੈਲਦਾਰ, ਮਾਸਟਰ ਰਾਜਿੰਦਰ ਸਿੰਘ, ਬਲਜੀਤ ਸਿੰਘ ਮਾਨ ਰਿਟਾ. ਪ੍ਰਿੰਸੀਪਲ ਆਦਿ ਹਾਜ਼ਰ ਸਨ।