#AMERICA

ਵ੍ਹਾਈਟ ਹਾਊਸ ਦੀ ਸਖ਼ਤੀ: ਟਰੰਪ ਦੀ ਸੁਰੱਖਿਆ ਪ੍ਰੋਟੋਕਲ ਸਮੀਖਿਆ ਦੇ ਹੁਕਮ

-ਟਰੰਪ ਤੇ ਜੇ.ਡੀ. ਵੈਂਸ ਦੇ ਇਕੱਠੇ ਹੋਣ ‘ਤੇ ਲੱਗ ਸਕਦੀ ਹੈ ਰੋਕ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)-  ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਨੂੰ ਲੈ ਕੇ ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀਆਂ ਨੇ ਇਸੇ ਹਫ਼ਤੇ ਇੱਕ ਅਹਿਮ ਮੀਟਿੰਗ ਸੱਦੀ ਹੈ। ਇਹ ਫੈਸਲਾ ਸ਼ਨੀਵਾਰ ਰਾਤ ਪੱਤਰਕਾਰਾਂ ਦੇ ਸਾਲਾਨਾ ਡਿਨਰ (ਵ੍ਹਾਈਟ ਹਾਊਸ ਕੋਰਸਪੌਂਡੈਂਟਸ ਡਿਨਰ) ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲਿਆ ਗਿਆ ਹੈ। ਵ੍ਹਾਈਟ ਹਾਊਸ ਦੀ ਚੀਫ ਆਫ ਸਟਾਫ ਸੂਜ਼ਨ ਵਾਈਲਜ਼ ਨੇ ਸੀਕਰੇਟ ਸਰਵਿਸ ਅਤੇ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ।
ਇਸ ਨਾਕਾਮ ਹਮਲੇ ਨੇ ਅਮਰੀਕੀ ਸਰਕਾਰ ਦੇ ਉੱਤਰਾਧਿਕਾਰੀ ਦੀ ਲਾਈਨ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਮਾਗਮ ਦੌਰਾਨ ਰਾਸ਼ਟਰਪਤੀ ਟਰੰਪ ਤੋਂ ਇਲਾਵਾ ਉਪ-ਰਾਸ਼ਟਰਪਤੀ ਜੇ.ਡੀ. ਵੈਂਸ, ਹਾਊਸ ਸਪੀਕਰ ਮਾਈਕ ਜੌਹਨਸਨ, ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰੱਖਿਆ ਮੰਤਰੀ ਸਮੇਤ ਕਈ ਵੱਡੇ ਅਹੁਦੇਦਾਰ ਮੌਜੂਦ ਸਨ, ਜੋ ਕਿਸੇ ਵੱਡੇ ਹਾਦਸੇ ਦੀ ਸੂਰਤ ਵਿਚ ਦੇਸ਼ ਦੀ ਵਾਗਡੋਰ ਸੰਭਾਲਣ ਦੀ ਕਤਾਰ ਵਿਚ ਆਉਂਦੇ ਹਨ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਇਹ ਨਿਯਮ ਬਣਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਇੱਕੋ ਸਮੇਂ ਕਿਸੇ ਜਨਤਕ ਸਮਾਗਮ ਵਿਚ ਮੌਜੂਦ ਨਾ ਰਹਿਣ। ਰਿਪਬਲਿਕਨ ਕਾਂਗਰਸਮੈਨ ਮਾਈਕਲ ਮੈਕਕੌਲ ਨੇ ਕਿਹਾ ਕਿ ਸੀਕਰੇਟ ਸਰਵਿਸ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਵਾਸ਼ਿੰਗਟਨ ਹਿਲਟਨ ਵਰਗੇ ਹੋਟਲ ਇੰਨੀ ਵੱਡੀ ਗਿਣਤੀ ਵਿਚ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਲਈ ਢੁੱਕਵੇਂ ਨਹੀਂ ਹਨ।
ਲੀਵਿਟ ਨੇ ਦੱਸਿਆ ਕਿ ਹਾਲਾਂਕਿ ਡਿਨਰ ਲਈ ਕੋਈ ਖਾਸ ‘ਡੈਜ਼ੀਗਨੇਟਿਡ ਸਰਵਾਈਵਰ’ (ਸੁਰੱਖਿਅਤ ਰੱਖਿਆ ਜਾਣ ਵਾਲਾ ਉੱਤਰਾਧਿਕਾਰੀ) ਨਿਯੁਕਤ ਨਹੀਂ ਕੀਤਾ ਗਿਆ ਸੀ, ਕਿਉਂਕਿ ਕੈਬਨਿਟ ਦੇ ਕੁਝ ਮੈਂਬਰ ਪਹਿਲਾਂ ਹੀ ਨਿੱਜੀ ਕਾਰਨਾਂ ਕਰਕੇ ਉੱਥੇ ਮੌਜੂਦ ਨਹੀਂ ਸਨ। ਜ਼ਿਕਰਯੋਗ ਹੈ ਕਿ ਫਰਵਰੀ ਵਿਚ ਹੋਏ ‘ਸਟੇਟ ਆਫ ਦ ਯੂਨੀਅਨ’ ਭਾਸ਼ਣ ਦੌਰਾਨ ਵੈਟਰਨ ਅਫੇਅਰਜ਼ ਮੰਤਰੀ ਡੱਗ ਕੋਲਿਨਸ ਨੂੰ ‘ਡੈਜ਼ੀਗਨੇਟਿਡ ਸਰਵਾਈਵਰ’ ਵਜੋਂ ਇੱਕ ਗੁਪਤ ਥਾਂ ‘ਤੇ ਰੱਖਿਆ ਗਿਆ ਸੀ, ਤਾਂ ਜੋ ਕਿਸੇ ਵੀ ਹਮਲੇ ਦੀ ਸੂਰਤ ਵਿਚ ਸਰਕਾਰ ਚਲਦੀ ਰਹਿ ਸਕੇ।
ਅਮਰੀਕਾ ਇਸ ਸਾਲ 4 ਜੁਲਾਈ ਨੂੰ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਕਾਰਨ ਟਰੰਪ ਕਈ ਜਨਤਕ ਰੈਲੀਆਂ ਵਿਚ ਹਿੱਸਾ ਲੈਣ ਵਾਲੇ ਹਨ। ਸੂਜ਼ਨ ਵਾਈਲਜ਼ ਵੱਲੋਂ ਸੱਦੀ ਗਈ ਮੀਟਿੰਗ ਵਿਚ ਇਨ੍ਹਾਂ ਸਮਾਗਮਾਂ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ। ਅਧਿਕਾਰੀਆਂ ਨੇ ਸਾਫ ਕੀਤਾ ਹੈ ਕਿ ਭਾਵੇਂ ਸੀਕਰੇਟ ਸਰਵਿਸ ਆਪਣੀ ਕਾਰਜਪ੍ਰਣਾਲੀ ਜਨਤਕ ਨਹੀਂ ਕਰਦੀ, ਪਰ ਰਾਸ਼ਟਰਪਤੀ ਦੀ ਜਾਨ ਦੀ ਰਾਖੀ ਲਈ ਹਰ ਜ਼ਰੂਰੀ ਬਦਲਾਅ ਕੀਤਾ ਜਾਵੇਗਾ।