#INDIA

ਵਿਦਿਆਰਥੀਆਂ ‘ਤੇ ਦਰਜ ਕੇਸਾਂ ਦੀ ਪੈਰਵੀ ਲਈ ਸਹਿਯੋਗ ਦੇਣਗੇ ਹੋਰ ਵਕੀਲ

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਸੀਨੀਅਰ ਵਕੀਲ ਕਪਿਲ ਸਿੱਬਲ ਨੇ ਐਲਾਨ ਕੀਤਾ ਕਿ ਉਹ ਕੌਕਰੇਚ ਜਨਤਾ ਪਾਰਟੀ (ਸੀ.ਜੇ.ਪੀ.) ਵੱਲੋਂ ਬਣਾਏ ਗਏ ਫੰਡ ਵਿਚ 1 ਕਰੋੜ ਰੁਪਏ ਦਾ ਯੋਗਦਾਨ ਪਾਉਣਗੇ। ਇਹ ਫੰਡ ਹਾਲ ਹੀ ਦੇ ਅੰਦੋਲਨ ਦੌਰਾਨ ਦਿੱਲੀ ਪੁਲਿਸ ਅਤੇ ਹੋਰਨਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਦਰਸ਼ਨਕਾਰੀਆਂ ਅਤੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਕਾਇਮ ਕੀਤਾ ਗਿਆ ਹੈ।
ਸੀ.ਜੇ.ਪੀ. ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਭਰੋਸੇ ਦੇ ਬਾਵਜੂਦ ਦੇਸ਼ ਭਰ ਵਿਚ ਵਿਦਿਆਰਥੀਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀਆਂ ਨੂੰ ਕਾਨੂੰਨੀ ਮਦਦ ਦਿਵਾਉਣ ਲਈ ਸੁਪਰੀਮ ਕੋਰਟ ਦੇ ਵਕੀਲਾਂ ਦੇ ਸੰਪਰਕ ਵਿਚ ਹੈ।
ਕਪਿਲ ਸਿੱਬਲ ਨੇ ਸੀ.ਜੇ.ਪੀ. ਨੂੰ ਵਿੱਤੀ ਮਦਦ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤ ਵਿਚ ਜਿੱਥੇ ਵੀ ਸ਼ਾਂਤਮਈ ਪ੍ਰਦਰਸ਼ਨ ਹੋਏ ਹਨ, ਚਾਹੇ ਉਹ ਬਿਹਾਰ ਹੋਵੇ, ਅਸਾਮ, ਬੰਗਾਲ ਜਾਂ ਮਹਾਰਾਸ਼ਟਰ ਅਤੇ ਜਿੱਥੇ ਵੀ ਵਿਦਿਆਰਥੀਆਂ ਜਾਂ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਦੇ ਵਕੀਲ ਕਾਨੂੰਨੀ ਸਹਾਇਤਾ ਪ੍ਰਦਾਨ ਕਰਗੇ।
ਸਿੱਬਲ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਕੋਈ ਵੀ ਐੱਫ.ਆਈ.ਆਰ. ਨਹੀਂ ਹੋਣੀ ਚਾਹੀਦੀ ਅਤੇ ਜੇਕਰ ਦਰਜ ਹੋ ਚੁੱਕੀਆਂ ਹਨ, ਤਾਂ ਉਹ ਵਾਪਸ ਲਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘ਮੈਂ ਆਪਣੇ ਵੱਲੋਂ 1 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ ਅਤੇ ਮੈਂ ਪੂਰੇ ਭਾਰਤ ਦੇ ਵਕੀਲਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਫੰਡ ਵਿਚ ਮਦਦ ਕਰਨ, ਤਾਂ ਕਿ ਅਸੀਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰ ਸਕੀਏ।’
ਸਿੱਬਲ ਨੇ ਇਹ ਵੀ ਦੱਸਿਆ ਕਿ ਸੀ.ਜੇ.ਪੀ. ਵੱਲੋਂ ਇੱਕ ਵੈੱਬਸਾਈਟ ਬਣਾਈ ਜਾਵੇਗੀ, ਜਿਸ ਵਿਚ ਉਨ੍ਹਾਂ ਵਿਦਿਆਰਥੀਆਂ ਦਾ ਵੇਰਵਾ ਹੋਵੇਗਾ, ਜਿਨ੍ਹਾਂ ‘ਤੇ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਇਸ ਵੈੱਬਸਾਈਟ ਰਾਹੀਂ ਉਹ ਵਕੀਲ ਵੀ ਜੁੜ ਸਕਣਗੇ, ਜੋ ਬਿਨਾਂ ਕਿਸੇ ਫ਼ੀਸ ਜਾਂ ਹੋਰ ਤਰੀਕੇ ਨਾਲ ਮਦਦ ਕਰਨਾ ਚਾਹੁੰਦੇ ਹਨ।