ਵਾਸ਼ਿੰਗਟਨ, 10 ਸਤੰਬਰ (ਪੰਜਾਬ ਮੇਲ)- ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਵਪਾਰਕ ਡਰਾਈਵਿੰਗ ਲਾਇਸੈਂਸ, ਜਿਸ ਨੂੰ ਸੀਡੀਐੱਲ ਕਿਹਾ ਜਾਂਦਾ ਹੈ, ਨਾਲ ਜੁੜੀ ਸ਼ੱਕੀ ਧੋਖਾਧੜੀ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਸ਼ੱਕੀ ਮਾਮਲੇ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ ਦੀ ਹਾਟਲਾਈਨ 866-347-2423 ਉੱਤੇ ਦਰਜ ਕਰਵਾਏ ਜਾ ਸਕਦੇ ਹਨ। ਅਮਰੀਕਾ ਅਤੇ ਕੈਨੇਡਾ ਤੋਂ ਇਸ ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਨੰਬਰ ਪਹਿਲਾਂ ਤੋਂ ਚੱਲ ਰਹੀ ਆਈਸ ਟਿਪ ਲਾਈਨ ਹੈ, ਜਿਸ ਦੀ ਵਰਤੋਂ ਹੁਣ ਸੀਡੀਐੱਲ ਧੋਖਾਧੜੀ ਦੀ ਸੂਚਨਾ ਲਈ ਵੀ ਕਰਨ ਦੀ ਅਪੀਲ ਕੀਤੀ ਗਈ ਹੈ।
ਸੰਘੀ ਅਧਿਕਾਰੀਆਂ ਮੁਤਾਬਕ ਇਹ ਕਦਮ ਅਜਿਹੇ ਡਰਾਈਵਰਾਂ, ਕਾਰੋਬਾਰਾਂ ਅਤੇ ਸਿਖਲਾਈ ਸਕੂਲਾਂ ਦੀ ਪਛਾਣ ਲਈ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ, ਜਿਨ੍ਹਾਂ ਉੱਤੇ ਜਾਅਲੀ ਦਸਤਾਵੇਜ਼ਾਂ, ਗਲਤ ਪਛਾਣ, ਅਣਅਧਿਕਾਰਤ ਰੁਜ਼ਗਾਰ ਜਾਂ ਨਿਯਮਾਂ ਦੀ ਉਲੰਘਣਾ ਰਾਹੀਂ ਵਪਾਰਕ ਲਾਇਸੈਂਸ ਹਾਸਲ ਕਰਨ ਜਾਂ ਦਿਵਾਉਣ ਦਾ ਸ਼ੱਕ ਹੈ। ਗ੍ਰਹਿ ਸੁਰੱਖਿਆ ਅਤੇ ਆਵਾਜਾਈ ਵਿਭਾਗ ਇਸ ਜਾਂਚ ਵਿੱਚ ਮਿਲ ਕੇ ਕੰਮ ਕਰ ਰਹੇ ਹਨ।
ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਸੜਕ ਸੁਰੱਖਿਆ ਨਾਲ ਜੋੜਦਿਆਂ ਕਿਹਾ ਹੈ ਕਿ ਵੱਡੇ ਟਰੱਕ ਚਲਾਉਣ ਵਾਲੇ ਹਰ ਡਰਾਈਵਰ ਕੋਲ ਕਾਨੂੰਨੀ ਯੋਗਤਾ, ਸਹੀ ਸਿਖਲਾਈ, ਲੋੜੀਂਦੀ ਭਾਸ਼ਾਈ ਸਮਰੱਥਾ ਅਤੇ ਪ੍ਰਮਾਣਿਤ ਲਾਇਸੈਂਸ ਹੋਣਾ ਜ਼ਰੂਰੀ ਹੈ। ਹਾਲੀਆ ਮਹੀਨਿਆਂ ਦੌਰਾਨ ਵੱਖ-ਵੱਖ ਸੂਬਿਆਂ ਵਿੱਚ ਹੋਏ ਗੰਭੀਰ ਹਾਦਸਿਆਂ ਤੋਂ ਬਾਅਦ ਵਪਾਰਕ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਸਿਖਲਾਈ ਕੇਂਦਰਾਂ ਉੱਤੇ ਜਾਂਚ ਵਧਾਈ ਗਈ ਹੈ।
“ਆਪਰੇਸ਼ਨ ਹਾਈਵੇ ਸ਼ੀਲਡ” ਦੇ ਦੂਜੇ ਪੜਾਅ ਦੌਰਾਨ ਲਗਭਗ 800 ਅਯੋਗ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਡਰਾਈਵਰਾਂ ਨੂੰ ਸੜਕਾਂ ਤੋਂ ਹਟਾਇਆ ਗਿਆ। ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚ 51 ਅਜਿਹੇ ਵਿਅਕਤੀ ਵੀ ਸ਼ਾਮਲ ਸਨ, ਜਿਨ੍ਹਾਂ ਕੋਲ ਅਮਰੀਕਾ ਵਿੱਚ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਨਹੀਂ ਸੀ।

