ਮਾਸਕੋ, 6 ਮਈ (ਪੰਜਾਬ ਮੇਲ)- ਅਮਰੀਕਾ-ਇਰਾਨ ਵਿਚਾਲੇ 40 ਦਿਨਾਂ ਤੱਕ ਚੱਲੀ ਭਿਆਨਕ ਜੰਗ ਮਗਰੋਂ ਹੋਈ ਸ਼ਾਂਤੀ ਦਾ ਅਸਰ ਹੁਣ ਰੂਸ-ਯੂਕ੍ਰੇਨ ਦੀ ਜੰਗ ‘ਤੇ ਪੈਂਦਾ ਵੀ ਦਿਖਾਈ ਦੇ ਰਿਹਾ ਹੈ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ (8-9 ਮਈ) ਲਈ ਯੂਕ੍ਰੇਨ ਵਿਚ ਇਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ, ਪਰ ਨਾਲ ਹੀ ਕੀਵ ਨੂੰ ਭਿਆਨਕ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਹੈ।
ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ ਦੀ ਹਾਰ ਦੀ 81ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਰੂਸ ‘ਚ 8-9 ਮਈ ਨੂੰ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਤੇ ਰੂਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਯੂਕ੍ਰੇਨ ਨੇ ਮਾਸਕੋ ਦੇ ਰੈੱਡ ਸੁਕੇਅਰ ‘ਤੇ ਹੋਣ ਵਾਲੇ ‘ਵਿਜੇ ਦਿਵਸ’ ਸਮਾਰੋਹ ਵਿਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਰੂਸ ਕੀਵ ਦੇ ਕੇਂਦਰ ਵਿਚ ਇੱਕ ਵੱਡਾ ਮਿਜ਼ਾਈਲ ਹਮਲਾ ਕਰੇਗਾ। ਰੂਸੀ ਮੰਤਰਾਲੇ ਨੇ ਕੀਵ ਵਿਚ ਰਹਿਣ ਵਾਲੇ ਆਮ ਨਾਗਰਿਕਾਂ ਅਤੇ ਵਿਦੇਸ਼ੀ ਦੂਤਾਵਾਸਾਂ ਦੇ ਕਰਮਚਾਰੀਆਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਚਿਤਾਵਨੀ ਦੇ ਦਿੱਤੀ ਹੈ।
ਉੱਥੇ ਹੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ ਦੇ ਇਸ ਕਦਮ ਨੂੰ ਸਿਰਫ਼ ਇੱਕ ਦਿਖਾਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਕ੍ਰੇਨ ਬੁੱਧਵਾਰ ਰਾਤ 12 ਵਜੇ ਤੋਂ ਜੰਗਬੰਦੀ ਦੀ ਪਾਲਣਾ ਕਰੇਗਾ, ਪਰ ਜੇਕਰ ਰੂਸ ਵੱਲੋਂ ਕੋਈ ਕਾਰਵਾਈ ਹੁੰਦੀ ਹੈ, ਤਾਂ ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਜ਼ੇਲੇਂਸਕੀ ਨੇ ਅੱਗੇ ਕਿਹਾ ਕਿ ਰੂਸੀ ਅਧਿਕਾਰੀ ਇੰਨੇ ਡਰੇ ਹੋਏ ਹਨ ਕਿ ਉਹ ਰੈੱਡ ਸੁਕੇਅਰ ‘ਤੇ ਯੂਕ੍ਰੇਨੀ ਡਰੋਨਾਂ ਦੇ ਮੰਡਰਾਉਣ ਦੇ ਡਰ ਕਾਰਨ ਆਪਣੀ ਫੌਜੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ।
ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਇਸ ਸਾਲ ਰੂਸ ਦੀ ਰਵਾਇਤੀ ਵਿਜੇ ਦਿਵਸ ਪਰੇਡ ਕਾਫ਼ੀ ਫਿੱਕੀ ਰਹੇਗੀ। ਲਗਭਗ ਦੋ ਦਹਾਕਿਆਂ ਵਿਚ ਪਹਿਲੀ ਵਾਰ, ਮਾਸਕੋ ਦੀ ਪਰੇਡ ਵਿਚ ਟੈਂਕ, ਮਿਜ਼ਾਈਲਾਂ ਜਾਂ ਹੋਰ ਭਾਰੀ ਫੌਜੀ ਉਪਕਰਣ ਸ਼ਾਮਲ ਨਹੀਂ ਹੋਣਗੇ। ਦੇਸ਼ ਭਰ ਵਿਚ ਹੋਰ ਥਾਵਾਂ ‘ਤੇ ਹੋਣ ਵਾਲੀਆਂ ਪਰੇਡਾਂ ਨੂੰ ਵੀ ਜਾਂ ਤਾਂ ਰੱਦ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਦਾ ਪੱਧਰ ਬਹੁਤ ਛੋਟਾ ਕਰ ਦਿੱਤਾ ਗਿਆ ਹੈ। ਰੂਸੀ ਮੀਡੀਆ ਅਨੁਸਾਰ, ਮਾਸਕੋ ਅਤੇ ਸੇਂਟ ਪੀਟਰਸਬਰਗ ‘ਚ ਡਰੋਨ ਹਮਲਿਆਂ ਦੇ ਡਰੋਂ ਮੋਬਾਈਲ ਇੰਟਰਨੈੱਟ ਸੇਵਾਵਾਂ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਰੂਸ ਵੱਲੋਂ ਯੂਕ੍ਰੇਨ ‘ਚ ਇਕਪਾਸੜ ਜੰਗਬੰਦੀ ਦਾ ਐਲਾਨ!

